Delhi govt cuts taxes: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਰਾਜਧਾਨੀ ਵਿੱਚ ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਕੇਜਰੀਵਾਲ ਸਰਕਾਰ ਨੇ ਡੀਜ਼ਲ ਦੀ ਕੀਮਤ ਘਟਾਉਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਡੀਜ਼ਲ ‘ਤੇ ਸਿਰਫ 16 ਪ੍ਰਤੀਸ਼ਤ ਵੈਟ ਲਗਾਇਆ ਜਾਵੇਗਾ । ਕੇਜਰੀਵਾਲ ਸਰਕਾਰ ਦੀ ਇਸ ਰਾਹਤ ਨਾਲ ਹੁਣ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਵਿੱਚ 8.36 ਰੁਪਏ ਦੀ ਕਮੀ ਆਵੇਗੀ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਡੀਜ਼ਲ 82 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਹੁਣ ਇਸ ਨੂੰ 30 ਫ਼ੀਸਦੀ ਤੋਂ ਘਟਾ ਕੇ 16 ਫ਼ੀਸਦੀ ਵੈਟ ਕਰ ਦਿੱਤਾ ਗਿਆ ਹੈ। ਇਸ ਨਾਲ ਡੀਜ਼ਲ ਦੀ ਕੀਮਤ ਵਿੱਚ ਹੁਣ 8 ਰੁਪਏ ਦੀ ਕਮੀ ਆਵੇਗੀ, ਜਿਸ ਤੋਂ ਬਾਅਦ ਹੁਣ ਡੀਜ਼ਲ 73.64 ਰੁਪਏ ਪ੍ਰਤੀ ਲੀਟਰ ਮਿਲੇਗਾ।
ਦਰਅਸਲ, ਵੀਰਵਾਰ ਨੂੰ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਕੈਬਿਨੇਟ ਨੇ ਰਾਜ ਦੀ ਆਰਥਿਕਤਾ ਨੂੰ ਗਤੀ ਦੇਣ ਲਈ ਇਹ ਫੈਸਲਾ ਲਿਆ ਹੈ । ਦਿੱਲੀ ਵਿੱਚ ਹੁਣ ਲੋਕ ਕੰਮ ‘ਤੇ ਪਰਤ ਰਹੇ ਹਨ, ਮਾਹੌਲ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਕੋਰੋਨਾ ਦੇ ਕੇਸ ਵੀ ਘਟਦੇ ਜਾ ਰਹੇ ਹਨ । ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਲਗਾਤਾਰ ਕਾਰੋਬਾਰੀਆਂ ਅਤੇ ਫੈਕਟਰੀ ਵਾਲਿਆਂ ਨੇ ਉਨ੍ਹਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਸੀ, ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਹੁਣ ਇਹ ਰਾਹਤ ਦਿੱਤੀ ਜਾ ਰਹੀ ਹੈ ਤਾਂ ਜੋ ਦਿੱਲੀ ਵਿੱਚ ਕੰਮ ਸ਼ੁਰੂ ਹੋ ਸਕੇ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਟ ਅਤੇ ਲਾਕਡਾਊਨ ਦੇ ਵਿਚਕਾਰ ਦੇਸ਼ ਵਿੱਚ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਸੀ । ਇਸ ਦੌਰਾਨ ਦਿੱਲੀ ਵਿੱਚ ਡੀਜ਼ਲ ਨੇ ਪਹਿਲੀ ਵਾਰ 80 ਰੁਪਏ ਦਾ ਅੰਕੜਾ ਪਾਰ ਕਰ ਲਿਆ ਸੀ, ਜਿਸ ‘ਤੇ ਕਾਫ਼ੀ ਵਿਵਾਦ ਵੀ ਹੋਇਆ ਸੀ। ਹਾਲਾਂਕਿ, ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਵੈਟ ਬਹੁਤ ਜ਼ਿਆਦਾ ਹੈ, ਇਸ ਲਈ ਕੀਮਤਾਂ ਵਧ ਰਹੀਆਂ ਹਨ। ਇਸ ਦੌਰਾਨ ਹੁਣ ਰਾਜ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜੋ ਦਿੱਲੀ ਵਾਲਿਆਂ ਦੇ ਲਈ ਰਾਹਤ ਦੇ ਸਕਦਾ ਹੈ।