Delhi govt orders DTC: ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਦੀ ਡਿਊਟੀ ਵਿੱਚ ਭੇਜੀਆਂ ਗਈਆਂ DTC ਬੱਸਾਂ ਨੂੰ ਡਿਪੋ ਵਿੱਚ ਤੁਰੰਤ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ । ਇਹ ਸਾਰੀਆਂ ਬੱਸਾਂ ਕਿਸਾਨ ਅੰਦੋਲਨ ਵਿੱਚ ਆਵਾਜਾਈ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਵਰਤੀਆਂ ਜਾ ਰਹੀਆਂ ਹਨ।
ਟ੍ਰਾਂਸਪੋਰਟ ਵਿਭਾਗ ਅਨੁਸਾਰ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ DTC ਦੀਆਂ ਬੱਸਾਂ ਵੱਡੀ ਗਿਣਤੀ ਵਿੱਚ ਵਰਤੀਆਂ ਜਾ ਰਹੀਆਂ ਹਨ । ਨਾਲ ਹੀ ਵਿਭਾਗ ਨੇ DTC ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨ੍ਹਾਂ ਸਰਕਾਰ ਦੀ ਆਗਿਆ ਦੇ ਦਿੱਲੀ ਪੁਲਿਸ ਨੂੰ ਬੱਸਾਂ ਨਾ ਦਿੱਤੀਆਂ ਜਾਣ । ਟ੍ਰਾਂਸਪੋਰਟ ਵਿਭਾਗ ਨੇ DTC ਨੂੰ ਨਿਰਦੇਸ਼ ਦੇ ਕੇ ਦਿੱਲੀ ਪੁਲਿਸ ਨੂੰ ਮੁਹਈਆ ਕਰਵਾਈਆਂ ਗਈਆਂ 576 ਬੱਸਾਂ ਵਾਪਸ ਕਰਨ ਲਈ ਕਿਹਾ ਹੈ।
ਦੱਸ ਦਈਏ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੂਬੇ ਦੀਆਂ ਸਰਹੱਦਾਂ ‘ਤੇ ਤਾਰ, ਕਿੱਲਾਂ ਅਤੇ ਬੈਰੀਕੇਡਿੰਗ ਲਗਾ ਦਿੱਤੀ ਗਈ ਹੈ। ਪਹਿਲਾਂ ਗਾਜ਼ੀਪੁਰ ਬਾਰਡਰ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ ਅਤੇ ਹੁਣ ਟਿਕਰੀ ਬਾਰਡਰ ‘ਤੇ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਉੱਥੇ ਵੀ ਕਿਲ੍ਹੇ ਦੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਸੂਤਰਾਂ ਅਨੁਸਾਰ ਪੂਰੀ ਦਿੱਲੀ ਦੀਆਂ ਲਗਭਗ 10% ਬੱਸਾਂ ਦਿੱਲੀ ਪੁਲਿਸ ਦੀ ਡਿਊਟੀ ਵਿੱਚ ਲੱਗ ਜਾਣ ਨਾਲ ਆਮ ਯਾਤਰੀਆਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਵੱਧ ਗਈਆਂ ਹਨ। ਇਸੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਜੇ ਦਿੱਲੀ ਪੁਲਿਸ ਨੂੰ ਬੱਸਾਂ ਦੀ ਜਰੂਰਤ ਹੈ ਤਾਂ ਉਹ ਠੇਕੇ ਵਾਲੀਆਂ ਬੱਸਾਂ ਕਿਰਾਏ ‘ਤੇ ਲੈਣ ਨਾ ਕਿ DTC ਬੱਸਾਂ ਨੂੰ ਬਲਾਕ ਕਰਨ।