Delhi Hansraj College offers: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦਾ ਅਸਰ ਦਿੱਲੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹੁਣ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਦਰਅਸਲ, ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਨੇ ਆਪਣੇ ਹੋਸਟਲ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 100 ਬੈੱਡਾਂ ਦੀ ਸਿਹਤ ਸਹੂਲਤ ਸਥਾਪਿਤ ਕਰਨ ਦੀ ਆਫਰ ਦਿੱਤੀ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਰਮਾ ਸ਼ਰਮਾ ਨੇ ਕਿਹਾ ਕਿ ਕਾਲਜ ਵਿੱਚ ਆਰਟੀ-ਪੀਸੀਆਰ ਟੈਸਟ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ, ਜੋ ਕਿ ਬੁੱਧਵਾਰ ਯਾਨੀ ਕਿ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ । ਗੌਰਤਲਬ ਹੈ ਕਿ ਦਿੱਲੀ ਯੂਨੀਵਰਸਿਟੀ ਦਾ ਹੰਸਰਾਜ ਕਾਲਜ ਹਮੇਸ਼ਾਂ ਲੋੜ ਪੈਣ ‘ਤੇ ਅੱਗੇ ਆਇਆ ਹੈ।
ਹੰਸਰਾਜ ਕਾਲਜ ਵਿੱਚ 200 ਵਸਨੀਕਾਂ ਦਾ ਇੱਕ ਹੋਸਟਲ ਹੈ । ਕਾਲਜ ਪ੍ਰਿੰਸੀਪਲ ਰਮਾ ਸ਼ਰਮਾ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ, “ਅਸੀਂ ਤੁਹਾਡੀ ਮਦਦ ਨਾਲ ਆਪਣੇ ਹੋਸਟਲ ਦੀ ਜਗ੍ਹਾ ਨੂੰ 100 ICU ਫੈਸਿਲਿਟੀ ਵਿੱਚ ਤਬਦੀਲ ਕਰਨ ਦੀ ਆਫਰ ਦੇ ਰਹੇ ਹਾਂ ਕਿਉਂਕਿ ਕੋਵਿਡ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ ਹਨ ਤੇ ਇਹ ਬਹੁਤ ਚਿੰਤਾ ਵਾਲੀ ਸਥਿਤੀ ਹੈ। “
ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ, “ਯੂਨੀਵਰਸਿਟੀ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਹੂਲਤਾਂ ਖਿੰਡਰੀਆਂ ਪਈਆਂ ਹਨ ਅਤੇ ਪੀੜਤਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ ।
ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਅਤੇ ਟੀਕਾਕਰਨ ਦੋਵੇਂ ਜ਼ਰੂਰੀ ਹਨ। ਇਸ ਲਈ ਅਸੀਂ ਤੁਹਾਨੂੰ ਯੂਨੀਵਰਸਿਟੀ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਕਾਲਜ ਵਿੱਚ ਟੀਕਾਕਰਨ ਅਤੇ ਟੈਸਟਿੰਗ ਸੈਂਟਰ ਸਥਾਪਿਤ ਕਰਨ ਦੀ ਬੇਨਤੀ ਕਰਦੇ ਹਾਂ।”
ਦੱਸ ਦੇਈਏ ਕਿ ਇਸ ਤੋਂ ਦਿੱਲੀ ਯੂਨੀਵਰਸਿਟੀ ਨੇ ਦੀਨ ਦਿਆਲ ਉਪਾਧਿਆਏ ਕਾਲਜ ਵਿੱਚ ਵੀ 180 ਬੈੱਡਾਂ ਦੀ ਸਮਰੱਥਾ ਵਾਲਾ ਕੋਵਿਡ-19 ਆਈਸੋਲੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ । ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਨੇ ਵੀ ਕੋਰੋਨਾ ਤੋਂ ਆਪਣੀ ਜਾਨ ਗੁਆਉਣ ਵਾਲੇ ਆਪਣੇ ਇੱਕ ਕਰਮਚਾਰੀ ਨੂੰ ਸ਼ਰਧਾਂਜਲੀ ਵਜੋਂ ਇੱਕ ਆਈਸੋਲੇਸ਼ਨ ਕੇਂਦਰ ਵੀ ਸ਼ੁਰੂ ਕੀਤਾ ਹੈ।