Delhi lockdown extended: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਵਿੱਚ ਲਾਕਡਾਊਨ ਨੂੰ ਇੱਕ ਹਫਤੇ ਲਈ ਵਧਾ ਦਿੱਤਾ ਗਿਆ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸੰਕ੍ਰਮਣ ਦੀ ਦਰ 35 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ, ਇਸ ਲਈ ਅਸੀਂ ਮਜਬੂਰੀ ਵਿੱਚ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਸੀ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, “ਦਿੱਲੀ ਵਿੱਚ ਲਾਕਡਾਊਨ ਨੂੰ ਇੱਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ। ਜਿਸ ਕਾਰਨ ਹੁਣ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਊਨ ਲਾਗੂ ਰਹੇਗਾ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਲਕੇ ਤੋਂ ਦਿੱਲੀ ਵਿੱਚ ਮੈਟਰੋ ਸੇਵਾ ਵੀ ਬੰਦ ਰਹੇਗੀ।”
ਕੋਰੋਨਾ ਮਰੀਜ਼ਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਦਿੱਲੀ ਵਿੱਚ 26 ਅਪ੍ਰੈਲ ਤੋਂ ਬਾਅਦ ਤੋਂ ਹੀ ਕੋਰੋਨਾ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ ਅਤੇਪਿਛਲੇ ਇੱਕ-ਦੋ ਦਿਨ ਵਿੱਚ ਸਕਾਰਾਤਮਕ ਦਰ 35% ਤੋਂ ਘੱਟ ਕੇ 23% ਹੋ ਗਈ ਹੈ।” ਕੇਜਰੀਵਾਲ ਨੇ ਅੱਗੇ ਕਿਹਾ,”ਅਸੀਂ ਲਾਕਡਾਊਨ ਦੀ ਮਿਆਦ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ। ਆਕਸੀਜਨ ਸਪਲਾਈ ਦੀ ਇੱਕ ਸਮੱਸਿਆ ਸੀ। ਦਿੱਲੀ ਵਿੱਚ ਹੁਣ ਹਾਲਾਤ ਸੁਧਰ ਰਹੇ ਹਨ।”
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17 ਹਜ਼ਾਰ 364 ਨਵੇਂ ਕੇਸ ਸਾਹਮਣੇ ਆਏ ਸਨ । ਇਸ ਦੌਰਾਨ 332 ਮਰੀਜ਼ਾਂ ਦੀ ਮੌਤ ਹੋ ਗਈ ਸੀ । ਦਿੱਲੀ ਵਿੱਚ ਹੁਣ ਤੱਕ 19,071 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ, ਜਦੋਂ ਕਿ ਕੋਰੋਨਾ ਦੇ 13 ਲੱਖ 10 ਹਜ਼ਾਰ 231 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਜ ਵਿਚ ਅਜੇ ਵੀ 87 ਹਜ਼ਾਰ 907 ਐਕਟਿਵ ਕੇਸ ਹਨ।