Delhi Rohini Court Judge: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ । ਉੱਥੇ ਹੀ ਦਿੱਲੀ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਇੱਥੋਂ ਦੀ ਰੋਹਿਣੀ ਕੋਰਟ ਦੇ ਇੱਕ ਜੱਜ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਜੱਜ ਦੀ ਪਤਨੀ ਦੀ ਵੀ ਰਿਪੋਰਟ ਹਾਲ ਹੀ ਵਿੱਚ ਕੋਰੋਨਾ ਪਾਜ਼ੀਟਿਵ ਆਈ ਸੀ ।
ਕੋਰੋਨਾ ਪਾਜ਼ੀਟਿਵ ਜਾਂਚ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਜੱਜ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ । ਜੱਜ ਦੀ ਪਤਨੀ ਵੀ ਕੋਰੋਨਾ ਪੀੜਤ ਹੋਣ ਤੋਂ ਬਾਅਦ ਕੁਆਰੰਟੀਨ ਵਿੱਚ ਹੈ । ਇਸ ਤੋਂ ਇਲਾਵਾ ਰੋਹਿਣੀ ਕੋਰਟ ਕੰਮਪਲੈਕਸ ਵਿੱਚ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕੀਤਾ ਜਾ ਰਿਹਾ ਹੈ । ਇਸ ਸਬੰਧੀ ਰੋਹਿਣੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਹਾਵੀਰ ਸਿੰਘ ਸ਼ਰਮਾ ਨੇ ਜਾਣਕਾਰੀ ਦਿੱਤੀ ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੇ ਪਾਜ਼ੀਟਿਵ ਹੋਣ ਦੀਆਂ ਖ਼ਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ । ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ । ਦਿੱਲੀ ਵਿੱਚ ਮੰਗਲਵਾਰ ਨੂੰ ਕੁੱਲ 1298 ਨਵੇਂ ਮਾਮਲੇ ਸਾਹਮਣੇ ਆਏ ਹਨ । ਦਿੱਲੀ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 22,132 ਹੋ ਗਏ ਹਨ। ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਅਨੁਸਾਰ ਕੁੱਲ 556 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 9,243 ਹੋ ਗਈ ਹੈ, ਉੱਥੇ ਹੀ 12,573 ਮਾਮਲੇ ਦਿੱਲੀ ਵਿੱਚ ਸਰਗਰਮ ਹਨ ।