Delhi Rs 2000 Fine: ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਦੀ ਕੇਜਰੀਵਾਲ ਸਰਕਾਰ ਨੇ ਨਿਯਮਾਂ ਵਿੱਚ ਸਖਤੀ ਨਾਲ ਵਾਧਾ ਕੀਤਾ ਹੈ । ਹੁਣ ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰਨ ‘ਤੇ ਅੱਜ ਤੋਂ ਦੋ ਹਜ਼ਾਰ ਦਾ ਚਲਾਨ ਭਰਨਾ ਪਵੇਗਾ। ਪਹਿਲਾਂ ਜੁਰਮਾਨੇ ਦੀ ਰਕਮ ਪੰਜ ਸੌ ਰੁਪਏ ਹੀ ਸੀ।
ਸ਼ੁੱਕਰਵਾਰ ਨੂੰ ਰਾਜ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਪੰਜ ਸੌ ਰੁਪਏ ਦਾ ਜ਼ੁਰਮਾਨਾ ਹੀ ਲਿਆ ਗਿਆ । ਪਰ ਸ਼ਨੀਵਾਰ ਯਾਨੀ ਕਿ ਅੱਜ ਤੋਂ ਇਹ ਰਕਮ ਦੋ ਹਜ਼ਾਰ ਹੋਵੇਗੀ। ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਪੰਜ ਨਿਯਮਾਂ ਦੀ ਉਲੰਘਣਾ ਕਰਨ ਲਈ ਦੋ ਹਜ਼ਾਰ ਦਾ ਚਲਾਨ ਭਰਨਾ ਪਵੇਗਾ। ਜਿਨ੍ਹਾਂ ਵਿੱਚ ਮਾਸਕ ਨਾ ਲਗਾਉਣਾ, ਕੁਆਰੰਟੀਨ ਨਿਯਮਾਂ ਦਾ ਉਲੰਘਣ ਕਰਨਾ, ਸਮਾਜਿਕ ਦੂਰੀਆਂ ਦਾ ਪਾਲਣ ਨਾ ਕਰਨਾ, ਜਨਤਕ ਥਾਵਾਂ ‘ਤੇ ਥੁੱਕਣਾ, ਜਨਤਕ ਥਾਵਾਂ ‘ਤੇ ਪਾਨ, ਗੁਟਕਾ ਤੇ ਤੰਬਾਕੂ ਆਦਿ ਦਾ ਸੇਵਨ ਕਰਨਾ ਸ਼ਾਮਿਲ ਹਨ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 6,608 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਇਸ ਦੌਰਾਨ ਰਾਜਧਾਨੀ ਵਿੱਚ 118 ਮਰੀਜ਼ਾਂ ਦੀ ਮੌਤ ਹੋ ਗਈ । ਦਿੱਲੀ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8,159 ਹੋ ਗਈ ਹੈ। ਦਿੱਲੀ ਵਿੱਚ ਇਸ ਸਮੇਂ 40,936 ਐਕਟਿਵ ਕੇਸ ਹਨ । ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਸੰਕਰਮਿਤ ਹੋਣ ਨਾਲੋਂ ਜ਼ਿਆਦਾ ਹੈ। ਇਸ ਦੌਰਾਨ 8,775 ਮਰੀਜ਼ ਠੀਕ ਹੋਏ ਹਨ ਅਤੇ ਇਹ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ 20 ਜੂਨ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 7,725 ਮਰੀਜ਼ ਠੀਕ ਹੋਏ ਸਨ।
ਇਹ ਵੀ ਦੇਖੋ: ‘ਬਾਬੇ ਦੇ ਢਾਬੇ’ ਵਾਲੇ ਬਾਬੇ ਦੀ ‘ਸਾਗ ਤੇ ਮੱਕੀ ਦੀ ਰੋਟੀ’ ਹੀ ਨਹੀਂ, ਗੱਲਾਂ ਵੀ ਹੋ ਰਹੀਆਂ ਨੇ ਮਸ਼ਹੂਰ