Delhi set up plasma bank: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ । ਇਸਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਸਰਕਾਰ ਪਲਾਜ਼ਮਾ ਬੈਂਕ ਬਣਾਉਣ ਜਾ ਰਹੀ ਹੈ, ਜਿਸ ਨਾਲ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਕਾਫ਼ੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਪਲਾਜ਼ਮਾ ਥੈਰੇਪੀ ਤੋਂ ਕਾਫ਼ੀ ਰਾਹਤ ਮਿਲ ਰਹੀ ਹੈ, ਪਰ ਦਾਨੀ ਲੱਭਣਾ ਬਹੁਤ ਮੁਸ਼ਕਲ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਇਹ ਬੈਂਕ ਪਲਾਜ਼ਮਾ ਦੀ ਜ਼ਰੂਰਤਮੰਦਾਂ ਦੀ ਸਹਾਇਤਾ ਕਰੇਗਾ।
ਕੇਜਰੀਵਾਲ ਨੇ ਕਿਹਾ ਕਿ ਪਲਾਜ਼ਮਾ ਬੈਂਕ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਇਹ ਸਭ ਨੂੰ ਪਲਾਜ਼ਮਾ ਦੇਵੇਗਾ । ਪਲਾਜ਼ਮਾ ਬੈਂਕ ਆਈਐਲਬੀਐਸ ਹਸਪਤਾਲ ਵਿੱਚ ਬਣੇਗਾ। ਸੀ.ਐੱਮ ਨੇ ਕਿਹਾ ਕਿ ਜੇ ਡਾਕਟਰ ਜਾਂ ਹਸਪਤਾਲ ਲਿਖ ਕੇ ਦਿੰਦਾ ਹੈ ਕਿ ਉਨ੍ਹਾਂ ਨੂੰ ਪਲਾਜ਼ਮਾ ਦੀ ਜ਼ਰੂਰਤ ਹੈ ਤਾਂ ILBS ਪਲਾਜ਼ਮਾ ਦੇਵੇਗਾ। ਇਹ ਬੈਂਕ 2 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਨਾਇਕ ਹਸਪਤਾਲ ਵਿੱਚ ਪਿਛਲੇ ਦਿਨੀਂ 35 ਲੋਕਾਂ ਨੂੰ ਪਲਾਜ਼ਮਾ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 34 ਲੋਕ ਬਚ ਗਏ ਸਨ । ਉੱਥੇ ਹੀ ਇੱਕ ਨਿੱਜੀ ਹਸਪਤਾਲ ਵਿੱਚ 49 ਪਲਾਜ਼ਮਾ ਦਿੱਤੇ ਗਏ ਸਨ, ਜਿਸ ਵਿਚੋਂ 46 ਲੋਕ ਬਚ ਗਏ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾਅਵੇ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਲੋਕ ਪਲਾਜ਼ਮਾ ਥੈਰੇਪੀ ਕਾਰਨ ਬਚ ਗਏ ਹਨ। ਸ਼ਾਇਦ ਇਹ ਲੋਕ ਵੈਸੇ ਵੀ ਠੀਕ ਹੋ ਗਏ ਹੋਣ, ਪਰ ਗੰਭੀਰ ਮਰੀਜ਼ ਪਲਾਜ਼ਮਾ ਥੈਰੇਪੀ ਤੋਂ ਬਾਅਦ ਠੀਕ ਹੋ ਗਏ ਹਨ, ਇਸ ਲਈ ਇਹ ਸੰਜੀਵਨੀ ਬੇਸ਼ੱਕ ਨਹੀਂ ਹੋ ਸਕਦੀ ਪਰ ਉਮੀਦ ਹੈ ਕਿ ਕੋਰੋਨਾ ਦੇ ਮਰੀਜ਼ ਇਸ ਤੋਂ ਠੀਕ ਹੋ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਅਸੀਂ ਅਪੀਲ ਕਰਦੇ ਹਾਂ ਕਿ ਤੁਹਾਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਪਲਾਜ਼ਮਾ ਦਾਨ ਕਰੋ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਪਲਾਜ਼ਮਾ ਦਾਨ ਕਰਨ ਦਾ ਪ੍ਰਸਾਰ ਕਰਨ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ।