Delhi Shahi Imam secretary: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਦੇਸ਼ ਵਿੱਚ ਰੋਜ਼ਾਨਾ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਜੇਕਰ ਇੱਥੇ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਦੇ 31 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ । ਉੱਥੇ ਹੀ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਦੇ PRO ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ । ਬੁਖਾਰੀ ਦੇ ਪੀ.ਆਰ.ਓ. ਅਮਾਨਤੁੱਲਾ ਬੀਤੀ ਰਾਤ ਕੋਰੋਨਾ ਤੋਂ ਜੰਗ ਹਾਰ ਗਏ ਹਨ । ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸ਼ਾਹੀ ਇਮਾਮ ਬੁਖ਼ਾਰੀ ਦੇ ਕਰੀਬੀ ਅਮਾਨਤੁੱਲਾ ਵਿੱਚ ਪਿਛਲੇ ਹਫਤੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ । ਇਸ ਤੋਂ ਬਾਅਦ ਅਮਾਨਤੁੱਲਾ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉਹ ਕੋਰੋਨਾ ਤੋਂ ਜੰਗ ਹਾਰ ਗਏ ਅਤੇ ਮੰਗਲਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ ।
ਗੌਰਤਲਬ ਹੈ ਕਿ ਜਾਮਾ ਮਸਜਿਦ ਨਾਲ ਜੁੜੇ ਕਰਮਚਾਰੀਆਂ ਦੀ ਮੌਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਰਕਾਰ ਦੇ ਆਦੇਸ਼ ਤੋਂ ਬਾਅਦ ਬੀਤੀ 8 ਜੂਨ 2020 ਤੋਂ ਜਾਮਾ ਮਸਜਿਦ ਵੀ ਖੋਲ੍ਹ ਦਿੱਤੀ ਗਈ ਹੈ, ਜਿੱਥੇ ਲੋਕ ਨਮਾਜ਼ ਅਦਾ ਕਰ ਰਹੇ ਹਨ । ਅਜਿਹੇ ਵਿੱਚ ਜਿੱਥੇ ਪੂਰੀ ਦਿੱਲੀ ਕੋਰੋਨਾ ਦੀ ਗੰਭੀਰ ਸਥਿਤੀ ਵਿੱਚ ਪਹੁੰਚ ਗਈ ਹੈ, ਉੱਥੇ ਹੀ ਦਿੱਲੀ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਨਾਲ ਜੁੜਿਆ ਕੋਰੋਨਾ ਦਾ ਇਹ ਮਾਮਲਾ ਕਾਫੀ ਚਿੰਤਾਜਨਕ ਹੈ । ਉੱਥੇ ਹੀ ਦੂਜੇ ਪਾਸੇ ਇਮਾਮ ਬੁਖਾਰੀ ਵੀ ਇਨ੍ਹਾਂ ਹਾਲਾਤਾਂ ‘ਤੇ ਕਿਰਿਆਸ਼ੀਲ ਹਨ, ਉਨ੍ਹਾਂ ਨੇ ਖੁਦ ਲੋਕਾਂ ਨੂੰ ਅਪੀਲ ਕਰਨ ਦੇ ਨਾਲ-ਨਾਲ ਰਾਇ ਵੀ ਮੰਗੀ ਹੈ ਕਿ ਕੁਝ ਸਮੇਂ ਲਈ ਮਸਜਿਦ ਨੂੰ ਬੰਦ ਰੱਖਿਆ ਜਾਵੇ ਤਾਂ ਕਿ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਿਆ ਜਾ ਸਕੇ ।