ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਕਮੀ ਹੋਣ ਅਤੇ ਇਸਨੂੰ ਲੈ ਕੇ ਸਥਿਤੀ ਵਧੀਆ ਹੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀਆਂ ਵੱਲੋਂ ਅਗਲੇ ਹਫ਼ਤੇ ਤੋਂ ਸੈਲੂਨ ਅਤੇ ਹਫਤਾਵਾਰੀ ਬਾਜ਼ਾਰਾਂ ਨੂੰ ਖੋਲ੍ਹਣ ਦੀ ਆਗਿਆ ਮਿਲਣ ਦੀ ਉਮੀਦ ਹੈ।
ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਇਸ ਸਮੇਂ ਦਿੱਲੀ ਵਿੱਚ ਅਨਲਾਕ ਦੀ ਪ੍ਰਕਿਰਿਆ ਚੱਲ ਰਹੀ ਹੈ। ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫਤੇ ਬਾਜ਼ਾਰਾਂ, ਮਾਲ ਅਤੇ ਦਿੱਲੀ ਮੈਟਰੋ ਨੂੰ ਖੋਲ੍ਹਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਜੇਕਰ ਰਾਜਧਾਨੀ ਵਿੱਚ ਕੋਵਿਡ-19 ਦੀ ਸਥਿਤੀ ਵਧੀਆ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਗਤੀਵਿਧੀਆਂ ਨੂੰ ਸ਼ੁਰੂ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਸੂਤਰਾਂ ਦੇ ਅਨੁਸਾਰ ਇਸ ਗੱਲ ਦੀ ਸੰਭਾਵਨਾ ਹੈ ਕਿ ਦਿੱਲੀ ਸਰਕਾਰ ਅਗਲੇ ਹਫਤੇ ਤੋਂ ਸੈਲੂਨ ਅਤੇ ਹਫਤਾਵਾਰੀ ਬਾਜ਼ਾਰਾਂ ਨੂੰ ਖੋਲ੍ਹਣ ਦੀ ਆਗਿਆ ਪ੍ਰਦਾਨ ਕਰਨ ਵਰਗੀਆਂ ਹੋਰ ਢਿੱਲ ਦੇ ਸਕਦੀ ਹੈ । ਇਸ ਤੋਂ ਇਲਾਵਾ ਜਿਮ, ਸਿਨੇਮਾਘਰਾਂ ਅਤੇ ਰੈਸਟੋਰੈਂਟਾਂ ਨੂੰ ਵੀ ਖੋਲ੍ਹਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ।
ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਸਰਕਾਰ ਨੇ ਲਾਕਡਾਊਨ ਦੇ ਤਹਿਤ ਲਾਗੂ ਪਾਬੰਦੀਆਂ ਨੂੰ 31 ਮਈ ਤੋਂ ਪੜਾਅਵਾਰ ਤਰੀਕੇ ਨਾਲ ਹਟਾਉਂਦੇ ਹੋਏ ਉਸਾਰੀ ਕੰਮ ਅਤੇ ਫੈਕਟਰੀਆਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ ।
ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 213 ਨਵੇਂ ਕੇਸ ਸਾਹਮਣੇ ਆਏ ਅਤੇ 25 ਮਰੀਜ਼ਾਂ ਦੀ ਮੌਤ ਹੋ ਗਈ । ਉੱਥੇ ਹੀ ਇਸਦੇ ਅਨੁਸਾਰ ਸੰਕ੍ਰਮਣ ਦੀ ਦਰ ਘੱਟ ਕੇ 0.3 ਪ੍ਰਤੀਸ਼ਤ ਹੋ ਗਈ ਹੈ।
ਦੱਸ ਦੇਈਏ ਕਿ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਨੇ 14 ਜੂਨ ਤੋਂ ਸੈਲੂਨ ਅਤੇ ਜਿਮ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ । ਸੀਟੀਆਈ ਦੇ ਪ੍ਰਧਾਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਸੀਟੀਆਈ ਨੇ ਦਿੱਲੀ ਸਰਕਾਰ ਅਤੇ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੂੰ ਪੱਤਰ ਲਿਖ ਕੇ ਸੈਲੂਨ ਅਤੇ ਜਿਮ ਖੋਲ੍ਹਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਤਕਰੀਬਨ 15 ਲੱਖ ਲੋਕਾਂ ਦੀ ਰੋਜ਼ੀ ਰੋਟੀ ਇਸ ਖੇਤਰ ਨਾਲ ਜੁੜੀ ਹੋਈ ਹੈ।