Dr Shanta of Adyar Cancer Institute: ਅਦਿਆਰ ਕੈਂਸਰ ਇੰਸਟੀਚਿਊਟ ਦੀ ਸੀਨੀਅਰ ਓਨਕੋਲੋਜਿਸਟ ਅਤੇ ਪ੍ਰਧਾਨ ਡਾਕਟਰ ਵੀ ਸ਼ਾਂਤਾ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੀ ਸੀ। ਉਨ੍ਹਾਂ ਨੂੰ 2005 ਵਿੱਚ ‘ਰੇਮਨ ਮੈਗਸੇਸੇ ਐਵਾਰਡ’ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ‘ਨੋਬਲ ਪੁਰਸਕਾਰ’ ਵਿਗਿਆਨੀ ਸ. ਚੰਦਰਸ਼ੇਖਰ ਉਨ੍ਹਾਂ ਦੇ ਮਾਮਾ ਅਤੇ ਪ੍ਰਸਿੱਧ ਵਿਗਿਆਨੀ ਸਨ ਅਤੇ ਨੋਬਲ ਪੁਰਸਕਾਰ ਪ੍ਰਾਪਤ ਸੀਵੀ ਰਮਨ ਉਸ ਦੇ ਨਾਨਾ ਜੀ ਦੇ ਭਰਾ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ: ਸ਼ਾਂਤਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਨੂੰ ਲਗਭਗ 9 ਵਜੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਡਾ. ਸ਼ਾਂਤਾ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ। ਕੈਂਸਰ ਇੰਸਟੀਚਿਊਟ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਸਵੇਰੇ 3.55 ਵਜੇ ਆਖਰੀ ਸਾਹ ਲਏ । ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਓਲਡ ਕੈਂਸਰ ਇੰਸਟੀਚਿਊਟ ਕੈਂਪਸ ਲਿਜਾਇਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਗੁਰੂ ਡਾ. ਕ੍ਰਿਸ਼ਨਮੂਰਤੀ ਨਾਲ ਮਿਲ ਕੇ ਬਣਵਾਇਆ ਸੀ।
ਉਨ੍ਹਾਂ ਦੀ ਮੌਤ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਮਹਾਂਮਾਰੀ ਦੇ ਸਮੇਂ ਉਹ ਸਿਹਤ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਬਾਰੇ ਵੀ ਚਿੰਤਤ ਸੀ। ਉਨ੍ਹਾਂ ਦਾ ਕੈਂਸਰ ਇੰਸਟੀਚਿਊਟ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਦੇ ਸਾਰੇ ਲੋਕਾਂ ਦੀ ਉੱਚ ਗੁਣਵੱਤਾ ਵਾਲੀ ਦੇਖਭਾਲ ਕਰਦੀ ਹੈ। ਜਿਹੜੇ ਲੋਕ ਇਲਾਜ ਦਾ ਪੈਸੇ ਨਹੀਂ ਦੇ ਸਕਦੇ ਉਨ੍ਹਾਂ ਨੂੰ ਮੁਫਤ ਇਲਾਜ ਮੁਹਈਆ ਕਰਵਾਇਆ ਜਾਂਦਾ ਹੈ।
ਦੱਸ ਦੇਈਏ ਕਿ ਡਾ. ਸ਼ਾਂਤਾ ਦੀ ਮੌਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ,’ਡਾ.ਸ਼ਾਂਤਾ ਨੂੰ ਉੱਚ ਪੱਧਰੀ ਕੈਂਸਰ ਦੀ ਦੇਖਭਾਲ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੇ ਉੱਤਮ ਯਤਨਾਂ ਲਈ ਯਾਦ ਕੀਤਾ ਜਾਵੇਗਾ। ਚੇੱਨਈ ਦੇ ਕੈਂਸਰ ਇੰਸਟੀਚਿਊਟ ਗਰੀਬਾਂ ਅਤੇ ਦਲਿਤਾਂ ਦੀ ਸੇਵਾ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ। ਮੈਨੂੰ ਸਾਲ 2018 ਵਿੱਚ ਇੰਸਟੀਚਿਊਟ ਦੀ ਯਾਤਰਾ ਯਾਦ ਹੈ। ਡਾ.ਵੀ ਸ਼ਾਂਤਾ ਦੀ ਮੌਤ ਤੋਂ ਮੈਂ ਦੁਖੀ ਹਾਂ। ਓਮ ਸ਼ਾਂਤੀ।’