ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਕੇਂਦਰੀ ਏਜੰਸੀਆਂ ‘ਤੇ ਕਈ ਵੱਡੇ ਦੋਸ਼ ਲਗਾਏ। ਇਸ ਦੌਰਾਨ ਉਨ੍ਹਾਂ ਨੇ ਖਦਸ਼ਾ ਜਤਾਉਂਦਿਆਂ ਕਿਹਾ ਕਿ ਈਡੀ ਪੰਜਾਬ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਵਿਰੁੱਧ ਦੋ ਵਾਰ ਛਾਪੇਮਾਰੀ ਕਰ ਚੁੱਕੀ ਹੈ। ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ । ਜੇਕਰ ਉਹ ਦੁਬਾਰਾ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਕਿਉਂਕਿ ਚੋਣਾਂ ਹਨ ਅਤੇ ਜਦੋਂ ਭਾਜਪਾ ਹਾਰ ਜਾਂਦੀ ਹੈ ਤਾਂ ਉਹ ਸਾਰੀਆਂ ਏਜੰਸੀਆਂ ਨੂੰ ਛੱਡ ਦਿੰਦੀ ਹੈ। ਜ਼ਾਹਿਰ ਹੈ ਕਿ ਛਾਪੇਮਾਰੀ ਵੀ ਹੋਵੇਗੀ, ਗ੍ਰਿਫ਼ਤਾਰੀਆਂ ਵੀ ਹੋਣਗੀਆਂ । ਅਸੀਂ ਇਸ ਤੋਂ ਨਹੀਂ ਡਰਦੇ ਕਿਉਂਕਿ ਜਦੋਂ ਤੁਸੀਂ ਸੱਚ ਦੇ ਮਾਰਗ ‘ਤੇ ਚੱਲਦੇ ਹੋ ਤਾਂ ਇਹ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ BJP ਸਰਕਾਰ ਜੇਕਰ ED ਦੇ ਨਾਲ-ਨਾਲ CBI ਵਰਗੀਆਂ ਏਜੰਸੀਆਂ ਭੇਜਣਾ ਚਾਹੁੰਦੀ ਹੈ ਤਾਂ ਭੇਜ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਸਾਡੇ ‘ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ । ਮਨੀਸ਼ ਸਿਸੋਦੀਓ ‘ਤੇ ਛਾਪਾ ਮਾਰਿਆ ਗਿਆ ਹੈ। ਉਹ ਜੇਲ੍ਹ ਵੀ ਜਾ ਚੁੱਕੇ ਹਨ। ਅਸੀਂ ਡਰਦੇ ਨਹੀਂ ਹਾਂ। ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰਨਗੇ ਤਾਂ ਉਨ੍ਹਾਂ ਨੂੰ 5-6 ਦਿਨਾਂ ਵਿੱਚ ਜ਼ਮਾਨਤ ਮਿਲ ਜਾਵੇਗੀ। ਸਾਨੂੰ ਕੋਈ ਡਰ ਨਹੀਂ ਹੈ। ਸਾਡੇ ‘ਤੇ ਛਾਪੇਮਾਰੀ ਲਈ ਬੇਸ਼ੱਕ ਸਾਰੀਆਂ ਏਜੰਸੀਆਂ ਭੇਜ ਦਿਓ, ਅਸੀਂ ਸਾਰਿਆਂ ਦਾ ਸੁਆਗਤ ਕਰਾਂਗੇ।
ਇਹ ਵੀ ਪੜ੍ਹੋ: Corona ਦੇ ਖੌਫ਼ ਵਿਚਾਲੇ ਰੈਲੀਆਂ ਤੇ ਰੋਡ ਸ਼ੋਅ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ
ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਤਰ੍ਹਾਂ ਰੋਵਾਂਗੇ ਨਹੀਂ। ਉਹ ED ਦੀ ਰੇਡ ਨਾਲ ਉਹ ਬੁਰੀ ਤਰ੍ਹਾਂ ਬੌਖਲਾ ਗਏ ਹਨ, ਕਿਉਂਕਿ ਉਨ੍ਹਾਂ ਨੇ ਗਲਤ ਕੰਮ ਕੀਤਾ ਹੈ। ED ਨੇ ਉਨ੍ਹਾਂ ਦੇ ਭਤੀਜੇ ਘਰੋਂ ਮੋਟੇ-ਮੋਟੇ ਨੋਟ ਫੜ੍ਹੇ ਹਨ। ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਅਸੀਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: