ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ । ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ । ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਵਿਚ ਜੈਨ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਈਡੀ ਨੇ 30 ਮਈ ਨੂੰ 5 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ । 24 ਅਗਸਤ, 2017 ਨੂੰ ਦਰਜ ਕੀਤੇ ਗਏ ਕੇਸ ਵਿੱਚ ਦੋਸ਼ ਹੈ ਕਿ ਸਤੇਂਦਰ ਜੈਨ ਨੇ ਲੋਕਸੇਵਕ ਹੁੰਦਿਆਂ ਹਵਾਲਾ ਰਾਹੀਂ 4.81 ਕਰੋੜ ਰੁਪਏ ਹਾਸਿਲ ਕੀਤੇ ਸਨ । ਸੋਮਵਾਰ ਨੂੰ ਹੋਈ ਛਾਪੇਮਾਰੀ ਇਸੇ ਮਾਮਲੇ ਦੀ ਅਗਲੇਰੀ ਜਾਂਚ ਦੇ ਆਧਾਰ ‘ਤੇ ਕੀਤੀ ਗਈ ਹੈ। ਈਡੀ ਕੋਲ ਜੈਨ ਦੀ ਫਿਲਹਾਲ 9 ਜੂਨ ਤੱਕ ਕਸਟੱਡੀ ਹੈ।
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਈਡੀ ਨੇ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਰੀਬ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ । ਈਡੀ ਨੇ ਦੋਸ਼ ਲਾਇਆ ਹੈ ਕਿ ਜੈਨ ਦੇ ਕਰੀਬੀ ਲੋਕਾਂ ਦੇ ਕੁਝ ਕੰਪਨੀਆਂ ਨਾਲ ਸਬੰਧ ਸਨ ਜਿਨ੍ਹਾਂ ਦੀ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਕੀਤੀ ਜਾ ਰਹੀ ਸੀ । ਲਗਭਗ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ, ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਪਾਰਿਆਸ ਇਨਫੋਸੋਲਿਊਸ਼ਨ ਪ੍ਰਾਈਵੇਟ ਲਿਮਟਿਡ, ਮੰਗਲਾਯਤਨ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਇੰਡੋ ਮੇਟਲ ਇੰਪੈਕਸ ਪ੍ਰਾਈਵੇਟ ਲਿਮਟਿਡ, ਜੇਜੇ ਆਈਡੀਅਲ ਅਸਟੇਟ ਪ੍ਰਾਈਵੇਟ ਲਿਮਟਿਡ, ਵੈਭਵ ਜੈਨ ਦੀ ਪਤਨੀ ਸਵਾਤੀ ਜੈਨ, ਅਜੀਤ ਪ੍ਰਸਾਦ ਜੈਨ ਦੀ ਪਤਨੀ ਸੁਸ਼ੀਲਾ ਜੈਨ ਅਤੇ ਸੁਨੀਲ ਜੈਨ ਦੀ ਪਤਨੀ ਇੰਦੂ ਜੈਨ ਨਾਲ ਸਬੰਧਿਤ ਹੈ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਦੀ ਸਖਤੀ, ਟੀਮਾਂ ਕਰ ਰਹੀਆਂ ਚੈਕਿੰਗ, ਠੋਕ ਰਹੀਆਂ ਵੱਡੇ ਜੁਰਮਾਨੇ
ਦੱਸਿਆ ਜਾਂਦਾ ਹੈ ਕਿ ਈਡੀ ਦੀਆਂ ਟੀਮਾਂ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਨਾਲ ਹਵਾਲਾ ਸੰਚਾਲਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਤੇਂਦਰ ਜੈਨ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸਤੇਂਦਰ ਜੈਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ।
ਉੱਥੇ ਹੀ ਦੂਜੇ ਪਾਸੇ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਸੀ ਕਿ ਸਿਹਤ ਮੰਤਰੀ ਨੂੰ ਈਡੀ ਨੇ ਇੱਕ ‘ਫ਼ਰਜ਼ੀ’ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ ਅਤੇ ਭਾਜਪਾ ਨੂੰ ਉਥੇ ਚੋਣਾਂ ਹਾਰਨ ਦਾ ਡਰ ਹੈ ।
ਵੀਡੀਓ ਲਈ ਕਲਿੱਕ ਕਰੋ -: