ਦਿੱਲੀ-ਮੁੰਬਈ ਪੁਲਿਸ ਦੀ ਸਾਂਝੀ ਜਾਂਚ ਵਿੱਚ ਹਰਿਆਣਾ ਵਿੱਚ ਬਣ ਰਹੇ ਨਕਲੀ ਸਿੱਕੇ ਦਾ ਖੁਲਾਸਾ ਹੋਇਆ ਹੈ। ਨਕਲੀ ਸਿੱਕੇ ਬਣਾਉਣ ਵਾਲਾ ਗਿਰੋਹ ਇਨ੍ਹਾਂ ਨੂੰ ਮੁੰਬਈ, ਦਿੱਲੀ ਸਮੇਤ ਗੁਆਂਢੀ ਰਾਜਾਂ ਦੇ ਮੰਦਰਾਂ ਅਤੇ ਮਾਲਾਂ ਵਿਚ ਸਪਲਾਈ ਕਰ ਰਿਹਾ ਹੈ।
ਦੋਵਾਂ ਰਾਜਾਂ ਦੀ ਪੁਲਿਸ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਰੋਹ ਦੇ ਕੁਝ ਮੈਂਬਰਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਹਰਿਆਣਾ ਵਿੱਚ ਨਕਲੀ ਸਿੱਕੇ ਬਣਾਉਣ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਕਰਨ ਵਿੱਚ ਲੱਗੀ ਹੋਈ ਹੈ। ਨਕਲੀ ਸਿੱਕਿਆਂ ਦੀ ਬਰਾਮਦਗੀ ਦਿੱਲੀ ਪੁਲਿਸ ਦੀ 10 ਮਹੀਨੇ ਪੁਰਾਣੀ ਮੁਹਿੰਮ ਦਾ ਹਿੱਸਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਪ੍ਰੈਲ 2022 ਨੂੰ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਇੱਕ ਨਕਲੀ ਸਿੱਕਾ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿੱਚ ਮਾਸਟਰਮਾਈਂਡ ਨਰੇਸ਼ ਕੁਮਾਰ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਮੁਤਾਬਕ ਇਸ ਗਿਰੋਹ ਦੇ ਮੈਂਬਰ ਜਿਗਨੇਸ਼ ਗਾਲਾ ਨੂੰ ਹਾਲ ਹੀ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਸਿੱਕੇ ਚਰਖੀ ਦਾਦਰੀ ਫੈਕਟਰੀ ਤੋਂ ਨਹੀਂ ਸਗੋਂ ਹਰਿਆਣਾ ਦੀ ਕਿਸੇ ਹੋਰ ਫੈਕਟਰੀ ਤੋਂ ਖਰੀਦਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਖੁਲਾਸੇ ਤੋਂ ਬਾਅਦ ਹੁਣ ਦਿੱਲੀ ਪੁਲਿਸ ਹਰਿਆਣਾ ਵਿੱਚ ਉਨ੍ਹਾਂ ਫੈਕਟਰੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਇਹ ਨਕਲੀ ਸਿੱਕੇ ਬਣਾਏ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਦੋਸ਼ੀ ਮੁੰਬਈ ਦੇ ਮਲਾਡ ਵੈਸਟ ਦਾ ਰਹਿਣ ਵਾਲਾ ਹੈ। ਦੋਸ਼ੀ ਨੇ ਹਰਿਆਣਾ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਕੰਮ ਕਰ ਰਹੇ ਨਕਲੀ ਸਿੱਕਾ ਬਣਾਉਣ ਵਾਲੇ ਗਿਰੋਹ ਲਈ ਸਿੱਕਾ ਬਣਾਉਣ ਵਾਲੀਆਂ ਮਸ਼ੀਨਾਂ ਨੂੰ ਵੀ ਆਯਾਤ ਅਤੇ ਵੇਚਿਆ ਹੈ। ਉਦੋਂ ਤੋਂ ਹੀ ਪੁਲਿਸ ਲਗਾਤਾਰ ਅਜਿਹੇ ਗਿਰੋਹਾਂ ਦੀ ਜਾਂਚ ਅਤੇ ਮੁਹਿੰਮ ਚਲਾ ਰਹੀ ਹੈ। ਪੁਲਿਸ ਨੇ ਜਿਗਨੇਸ਼ ਗਾਲਾ ਕੋਲੋਂ 9 ਲੱਖ 46 ਹਜ਼ਾਰ ਰੁਪਏ ਦੇ ਸਿੱਕੇ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ 94 ਹਜ਼ਾਰ 600 ਰੁਪਏ ਦੇ 10 ਰੁਪਏ ਦੇ ਨਕਲੀ ਸਿੱਕੇ ਵੀ ਸ਼ਾਮਲ ਹਨ।