Farmers protest shiv sena : ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਸਿਰਫ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ, ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ। ਸ਼ਿਵ ਸੈਨਾ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਰਾਜ ਸਭਾ ‘ਚ ਪੇਸ਼ ਕੀਤੇ ਧੰਨਵਾਦ ਦੇ ਪ੍ਰਸਤਾਵ ‘ਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਵੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ‘ਤੇ ਸਵਾਲ ਚੁੱਕਣ ਜਾਂ ਆਲੋਚਨਾ ਕਰਨ ਵਾਲਿਆਂ ਖਿਲਾਫ ਅੱਜ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਮੋਦੀ ਜੀ ਨੂੰ ਬਹੁਤ ਵੱਡਾ ਬਹੁਮਤ ਮਿਲਿਆ ਹੈ ਅਤੇ ਅਸੀਂ ਇਸਦਾ ਸਤਿਕਾਰ ਕਰਦੇ ਹਾਂ। ਬਹੁਮਤ ਦੇਸ਼ ਨੂੰ ਚਲਾਉਣ ਲਈ ਹੁੰਦੀ ਹੈ। ਬਹੁਮਤ ਹੰਕਾਰ ਨਾਲ ਨਹੀਂ ਚੱਲਦਾ।” ਆਲੋਚਨਾ ਕਰਨ ਵਾਲਿਆਂ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ। ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਇਹ ਦੇਸ਼ ਦੀ ਇੱਜ਼ਤ ਲਈ ਚੰਗਾ ਨਹੀਂ ਹੈ, ਇਹ ਦੇਸ਼ ਦੇ ਕਿਸਾਨਾਂ ਅਤੇ ਸਾਡੇ ਸਾਰਿਆਂ ਲਈ ਚੰਗਾ ਨਹੀਂ ਹੈ।”
ਸ਼ਿਵ ਸੈਨਾ ਆਗੂ ਰਾਉਤ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, “ਇਹ ਸਿਰਫ ਤਿੰਨ ਰਾਜਾਂ ਦੀ ਲੜਾਈ ਨਹੀਂ ਹੈ। ਸਾਰਾ ਦੇਸ਼ ਉਨ੍ਹਾਂ ਦੇ ਨਾਲ ਹੈ।” ਉਨ੍ਹਾਂ ਨੇ ਕਿਹਾ, “ਜਦੋਂ ਸਾਡੇ ਸਿੱਖ ਭਰਾ ਮੁਗਲਾਂ ਵਿਰੁੱਧ ਲੜਦੇ ਸਨ, ਉਨ੍ਹਾਂ ਨੂੰ ਯੋਧੇ ਕਿਹਾ ਜਾਂਦਾ ਸੀ, ਜਦੋਂ ਉਹ ਅੰਗਰੇਜ਼ਾਂ ਨਾਲ ਲੜਦੇ ਸਨ ਤਾਂ ਉਹ ਦੇਸ਼ ਭਗਤ ਬਣਦੇ ਸਨ ਜਦੋਂ ਉਨ੍ਹਾਂ ਨੇ ਕੋਰੋਨਾ ਦੇ ਸਮੇਂ ਲੰਗਰ ਲਗਾਇਆ ਸੀ ਤਾਂ ਦੇਸ਼ ਪ੍ਰੇਮੀ ਬਣ ਗਏ। ਪਰ ਜਦੋਂ ਉਹ ਆਪਣੇ ਹੱਕਾਂ ਲਈ ਲੜੇ ਤਾਂ ਉਹ ਖਾਲਿਸਤਾਨੀ ਅਤੇ ਦੇਸ਼ਧ੍ਰੋਹੀ ਬਣ ਗਏ।” ਕਿਸਾਨਾਂ ਦੇ ਅੰਦੋਲਨ ਦੀਆਂ ਥਾਵਾਂ ਦੇ ਆਸ ਪਾਸ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੜਕਾਂ ‘ਤੇ ਕਿੱਲਾਂ ਅਤੇ ਬੈਰੀਕੇਡ ਲਗਾਉਣ ਦਾ ਜ਼ਿਕਰ ਕਰਦਿਆਂ ਰਾਉਤ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਲੱਦਾਖ ਦੀ ਸਰਹੱਦ ‘ਤੇ ਅਜਿਹਾ ਪ੍ਰਬੰਧ ਕੀਤਾ ਗਿਆ ਹੁੰਦਾ ਤਾਂ ਚੀਨ, ਇੰਡੀਆ ਦੀ ਹੱਦ ਅੰਦਰ ਨਾ ਆਉਂਦਾ।
ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹਾ ਮਾਹੌਲ ਹੋ ਗਿਆ ਹੈ ਕਿ ਸੱਚ ਬੋਲਣ ਵਾਲਿਆਂ ਨੂੰ ਦੇਸ਼ ਧ੍ਰੋਹੀ ਅਤੇ ਗੱਦਾਰ ਕਿਹਾ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ, ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਰਾਜਦੀਪ ਸਰਦੇਸਾਈ ਸਣੇ ਕੁੱਝ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਅੱਜ ਪ੍ਰਸ਼ਨ ਪੁੱਛਦਾ ਹੈ ਉਸ ‘ਤੇ ਦੇਸ਼ ਧ੍ਰੋਹ ਦਾ ਕੇਸ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ,“ ਮੈਨੂੰ ਲਗਦਾ ਹੈ ਕਿ ਕਾਨੂੰਨ ਦੀ ਕਿਤਾਬ ਵਿੱਚੋਂ ਆਈਪੀਸੀ ਦੀਆਂ ਧਾਰਾਵਾਂ ਨੂੰ ਖਤਮ ਕਰਕੇ, ਇੱਕ ਹੀ ਧਾਰਾ ਬਣਾ ਦਿੱਤੀ ਗਈ ਹੈ, ਉਹ ਹੈ ਦੇਸ਼ਧ੍ਰੋਹ। ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵੀ ਦੇਸ਼ਧ੍ਰੋਹ ਦਾ ਕੇਸ ਕਰ ਦਿੱਤਾ ਜਾਂਦਾ ਹੈ।”
ਇਹ ਵੀ ਦੇਖੋ : ਜਾਣੋ ਨਾਮਧਾਰੀ ਸੰਪਰਦਾਇ ਦੇ ਲੋਕ ਕਿਉਂ ਪਹੁੰਚੇ ਗਾਜ਼ੀਪੁਰ ਬਾਰਡਰ ‘ਤੇ, PM ਮੋਦੀ ਦੀਆਂ ਕੱਢੀਆਂ ਰੜਕਾਂ