ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਭਗਦੜ ਦੀ ਘਟਨਾ ਵਿੱਚ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁਕੀ ਹੈ, ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਯੂਪੀ ਪੁਲਿਸ ਨੇ ਹਾਥਰਸ ਭਗਦੜ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ, ਪਰ ਇਸ ਵਿੱਚ ‘ਭੋਲੇ ਬਾਬਾ’ ਦਾ ਨਾਮ ਨਹੀਂ ਹੈ। ਐਫਆਈਆਰ 2 ਜੁਲਾਈ 2024 ਨੂੰ ਦੇਰ ਰਾਤ ਹਾਥਰਸ ਦੇ ਸਿਕੰਦਰਰਾਊ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ। ਇਹ ਐਫਆਈਆਰ ਬ੍ਰਜੇਸ਼ ਪਾਂਡੇ ਨਾਂ ਦੇ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਹੈ।
ਹਾਥਰਸ ਜ਼ਿਲੇ ਦੇ ਸਿਕੰਦਰਰਾਊ ਇਲਾਕੇ ‘ਚ ਸਤਸੰਗ ਦੌਰਾਨ ਭਗਦੜ ਦੇ ਮਾਮਲੇ ‘ਚ ਪੁਲਿਸ ਨੇ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੂਕਰ, ਸਤਿਸੰਗ ਦੇ ਪ੍ਰਬੰਧਕਾਂ ਅਤੇ ਹੋਰਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਰ ਸਤਿਸੰਗ ਕਰਨ ਵਾਲੇ ਭੋਲੇ ਬਾਬਾ ਦਾ ਨਾਂ ਇਸ ਐਫਆਈਆਰ ਵਿੱਚ ਸ਼ਾਮਲ ਨਹੀਂ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਧਾਰਾਵਾਂ 105, 110, 126 (2), 223 ਅਤੇ 238 ਦੇ ਤਹਿਤ ਭੋਲੇ ਬਾਬਾ ਦੇ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਅਤੇ ਧਾਰਮਿਕ ਸਮਾਗਮ ਦੇ ਹੋਰ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਹਾਥਰਸ ਭਗਦੜ ਦੇ ਸਬੰਧ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪ੍ਰਸ਼ਾਸਨਿਕ ਜ਼ਿੰਮੇਵਾਰੀ ਅਤੇ ਸੁਰੱਖਿਆ ਉਪਾਵਾਂ ਵਿੱਚ ਸਪੱਸ਼ਟ ਖਾਮੀਆਂ ਨੂੰ ਉਜਾਗਰ ਕੀਤਾ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਸਪੱਸ਼ਟ ਤੌਰ ‘ਤੇ ਸਰਕਾਰੀ ਅਧਿਕਾਰੀਆਂ ਦੀ ਜ਼ਿੰਮੇਵਾਰੀ, ਲਾਪਰਵਾਹੀ ਅਤੇ ਦੇਖਭਾਲ ਦੀ ਕਮੀ ਨੂੰ ਦਰਸਾਉਂਦੀ ਹੈ। ਇਹ ਨਾਕਾਫ਼ੀ ਸੁਰੱਖਿਆ ਪ੍ਰਬੰਧਾਂ ਅਤੇ ਸਹੂਲਤਾਂ ਦੀ ਆਲੋਚਨਾ ਕਰਦਾ ਹੈ ਜੋ ਕਿ ਅਜਿਹੇ ਅਣਕਿਆਸੇ ਦੁਖਾਂਤ ਨੂੰ ਰੋਕਣ ਲਈ ਸਪੱਸ਼ਟ ਤੌਰ ‘ਤੇ ਨਾਕਾਫ਼ੀ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਮਾਨਸੂਨ ਹੋਇਆ ਤੇਜ਼, 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਨਮੀ ਤੋਂ ਲੋਕ ਪਰੇਸ਼ਾਨ
ਸੂਬੇ ਦੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 116 ਸੀ, ਜਿਨ੍ਹਾਂ ‘ਚੋਂ 7 ਬੱਚੇ, ਇਕ ਪੁਰਸ਼ ਅਤੇ ਬਾਕੀ ਔਰਤਾਂ ਸਨ। ਰਾਹਤ ਕਮਿਸ਼ਨਰ ਵੱਲੋਂ ਜਾਰੀ ਤਾਜ਼ਾ ਸੂਚੀ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 121 ਹੋ ਗਈ ਹੈ, ਜਿਨ੍ਹਾਂ ਵਿੱਚੋਂ 19 ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਹਾਦਸੇ ‘ਤੇ ਮੰਤਰੀ ਅਸੀਮ ਅਰੁਣ ਨੇ ਕਿਹਾ ਕਿ ਇਸ ਸਮੇਂ ਸਾਡੀ ਤਰਜੀਹ ਜ਼ਖਮੀਆਂ ਦਾ ਸਹੀ ਇਲਾਜ ਹੈ। ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਜ਼ਖਮੀਆਂ ਦੇ ਇਲਾਜ ਬਾਰੇ ਅਪਡੇਟ ਲੈ ਰਿਹਾ ਹਾਂ। ਸਤਿਸੰਗ ਦੇ ਆਯੋਜਨ ਤੋਂ ਪਹਿਲਾਂ ਇਹ ਕਹਿ ਕੇ ਇਜਾਜ਼ਤ ਲਈ ਗਈ ਸੀ ਕਿ ਕਿੰਨੇ ਸ਼ਰਧਾਲੂ ਆਉਣਗੇ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਉਹ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਘਟਨਾ ਦੇ ਸਮੇਂ ਕਿੰਨੇ ਸ਼ਰਧਾਲੂ ਮੌਜੂਦ ਸਨ।
ਬਿਆਨ ਦੇ ਅਨੁਸਾਰ, ਨਰਾਇਣ ਸਾਕਰ ਵਿਸ਼ਵ ਹਰੀ ਦੇ ਨਾਮ ਨਾਲ ਮਸ਼ਹੂਰ ‘ਭੋਲੇ ਬਾਬਾ’ ਦੇ ਸਤਿਸੰਗ ਲਈ ਹਾਥਰਸ ਜ਼ਿਲ੍ਹੇ ਵਿੱਚ ਲੱਖਾਂ ਪੈਰੋਕਾਰ ਇਕੱਠੇ ਹੋਏ ਸਨ। ਸਤਿਸੰਗ ਵਿੱਚ ਪ੍ਰਸ਼ਾਸਨ ਵੱਲੋਂ ਆਗਿਆ ਨਾਲੋਂ ਵੱਧ ਪੈਰੋਕਾਰ ਸਨ। ਉਧਰ, ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਟੈਲੀਫੋਨ ਰਾਹੀਂ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਘਟਨਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: