Former Himachal Pradesh CM Shanta Kumar Wife: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸੇਲਜਾ ਦਾ 73 ਸਾਲ ਦੀ ਉਮਰ ਵਿੱਚ ਮੰਗਲਵਾਰ ਤੜਕੇ ਮੌਤ ਹੋ ਗਈ । ਉਨ੍ਹਾਂ ਨੇ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਵਿੱਚ ਆਖਰੀ ਸਾਹ ਲਿਆ । ਉਨ੍ਹਾਂ ਨੂੰ ਪਿਛਲੇ 4 ਦਿਨ ਪਹਿਲਾਂ ਹੀ ਟਾਂਡਾ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ। ਉਹ 4 ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਅਤੇ ਕੋਵਿਡ ਦਾ ਇਲਾਜ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦੀ ਮੌਤ ਨਾਲ ਕਾਂਗੜਾ ਸਣੇ ਪੂਰੇ ਰਾਜ ਵਿੱਚ ਸੋਗ ਦੀ ਲਹਿਰ ਹੈ । ਸੀਐਮਓ ਕਾਂਗੜਾ ਦੇ ਡਾਕਟਰ ਗੁਰਦਰਸ਼ਨ ਗੁਪਤਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ ।
ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ ‘ਤੇ ਸੋਗ ਜਤਾਇਆ ਹੈ । ਉਨ੍ਹਾਂ ਨੇ ਇੱਕ ਟਵੀਟ ਕਰ ਕੇ ਇਸ ਘਟਨਾ ‘ਤੇ ਜਨਤਕ ਤੌਰ ‘ਤੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਸਾਡੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਜੀ ਦੀ ਪਤਨੀ ਸੰਤੋਸ਼ ਸ਼ੈਲਾਜਾ ਜੀ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਹ ਅਸਹਿ ਦੁੱਖ ਨੂੰ ਸਹਿਣ ਦੀ ਸ਼ਕਤੀ ਬਖਸ਼ੇ। ਓਮ ਸ਼ਾਂਤੀ! ‘
ਦਰਅਸਲ, ਸ਼ੈਲਜਾ ਦਾ ਇਲਾਜ ਰਾਜ ਦੇ ਕਾਂਗੜਾ ਜ਼ਿਲੇ ਦੇ ਟਾਂਡਾ ਦੇ ਰਾਜੇਂਦਰ ਪ੍ਰਸ਼ਾਦ ਸਰਕਾਰੀ ਮੈਡੀਕਲ ਕਾਲਜ ਵਿਖੇ ਚੱਲ ਰਿਹਾ ਸੀ । ਉਨ੍ਹਾਂ ਦੇ ਪਰਿਵਾਰ ਦੇ ਚਾਰ ਹੋਰ ਮੈਂਬਰ, ਉਨ੍ਹਾਂ ਦੇ ਨਿੱਜੀ ਸੈਕਟਰੀ, ਸੁਰੱਖਿਆ ਅਧਿਕਾਰੀ ਅਤੇ ਡਰਾਈਵਰ ਵੀ ਪੀੜਤ ਪਾਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਜਾਣਨ ਲਈ ਗੱਲਬਾਤ ਕੀਤੀ ਸੀ ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਅਤੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਕਾਂਗੜਾ ਜ਼ਿਲ੍ਹੇ ਵਿੱਚ ਹੁਣ ਤੱਕ 7,624 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਫਿਲਹਾਲ 576 ਸਰਗਰਮ ਕੇਸ ਹਨ ਅਤੇ 184 ਲੋਕਾਂ ਦੀ ਮੌਤ ਹੋ ਚੁੱਕੀ ਹੈ।