Former PM Atal Bihari Vajpayee niece: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸ ਨੇਤਾ ਕਰੁਣਾ ਸ਼ੁਕਲਾ ਕੋਰੋਨਾ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਈ । ਸੋਮਵਾਰ ਦੇਰ ਰਾਤ ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਰਾਤ ਨੂੰ 12.40 ਵਜੇ ਆਖਰੀ ਸਾਹ ਲਏ । ਮਰਹੂਮ ਕਰੁਣਾ ਸ਼ੁਕਲਾ ਦਾ ਅੰਤਿਮ ਸੰਸਕਾਰ ਮੰਗਲਵਾਰ ਯਾਨੀ ਕਿ ਅੱਜ ਬਾਲੋਦਾਬਾਜ਼ਾਰ ਵਿੱਚ ਹੋਵੇਗਾ । ਲੋਕ ਸਭਾ ਸੰਸਦ ਮੈਂਬਰ ਰਹੀ ਕਰੁਣਾ ਸ਼ੁਕਲਾ ਮੌਜੂਦਾ ਸਮੇਂ ਵਿੱਚ ਛੱਤੀਸਗੜ੍ਹ ਵਿੱਚ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਸਨ। ਉਹ ਭਾਜਪਾ ਵਿੱਚ ਵੀ ਰਾਸ਼ਟਰੀ ਉਪ ਪ੍ਰਧਾਨ ਸਣੇ ਕਈ ਵੱਡੇ ਅਹੁਦਿਆਂ ‘ਤੇ ਵੀ ਰਹੀ।
ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਵੀ ਕਰੁਣਾ ਸ਼ੁਕਲਾ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੇ ਟਵੀਟ ਕੀਤਾ, “ਮੇਰੀ ਕਰੁਣਾ ਚਾਚੀ ਯਾਨੀ ਕਰੁਣਾ ਸ਼ੁਕਲਾ ਜੀ ਨਹੀਂ ਰਹੀ । ਬੇਰਹਿਮ ਬਿਮਾਰੀ ਕੋਰੋਨਾ ਉਨ੍ਹਾਂ ਨੂੰ ਵੀ ਲੈ ਗਈ। ਰਾਜਨੀਤੀ ਤੋਂ ਇਲਾਵਾ ਉਸ ਦਾ ਬਹੁਤ ਨੇੜਲਾ ਪਰਿਵਾਰਕ ਰਿਸ਼ਤਾ ਸੀ । ਮੈਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਰਿਹਾ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ ਅਤੇ ਸਾਨੂੰ ਸਭ ਨੂੰ ਉਨ੍ਹਾਂ ਦਾ ਵਿਛੋੜਾ ਸਹਿਣ ਦੀ ਤਾਕਤ ਦੇਵੇ।”
ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਕਰੁਣਾ ਸ਼ੁਕਲਾ ਦਾ ਜਨਮ 1 ਅਗਸਤ 1950 ਨੂੰ ਗਵਾਲੀਅਰ ਵਿੱਚ ਹੋਇਆ ਸੀ । ਸਾਲ 1983 ਵਿੱਚ ਪਹਿਲੀ ਵਾਰ ਭਾਜਪਾ ਤੋਂ ਵਿਧਾਇਕ ਚੁਣੀ ਗਈ ਸੀ । ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੀ ਟਿਕਟ ‘ਤੇ ਕਾਂਗਰਸ ਦੇ ਚਰਨਦਾਸ ਮਹੰਤ ਖ਼ਿਲਾਫ਼ ਆਪਣੀ ਕਿਸਮਤ ਅਜ਼ਮਾਈ ਪਰ ਉਹ ਸਫਲ ਨਹੀਂ ਹੋਏ ।