Gambhir slams CM Kejriwal: ਦਿੱਲੀ ਵਿੱਚ ਕੋਰੋਨਾ ਤੋਂ ਵਿਗੜਦੇ ਹਾਲਾਤਾਂ ‘ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਗੰਭੀਰ ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਸੀਐਮ ਕੇਜਰੀਵਾਲ ਕੋਰੋਨਾ ਮਹਾਂਮਾਰੀ ਰੋਕਣ ਵਿੱਚ ਅਸਫਲ ਰਹੇ ਹਨ। ਗੰਭੀਰ ਨੇ ਟਵੀਟ ਕੀਤਾ, ‘ਨਮਸਕਾਰ ਦਿੱਲੀ, ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ । ਮੈਂ ਇੱਕ ਵਾਰ ਫਿਰ ਕੋਵਿਡ ਮਹਾਂਮਾਰੀ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ, ਮਈ ਦੀ ਤਰ੍ਹਾਂ ਦੁਬਾਰਾ ਸਾਨੂੰ ਅਮਿਤ ਸ਼ਾਹ ਹੀ ਬਚਾਉਣਗੇ। ਤੁਹਾਡਾ ਆਪਣਾ ਇਸ਼ਤਿਹਾਰਬਾਜ਼ੀ ਵਾਲਾ ਮੁੱਖ ਮੰਤਰੀ।’
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਕ ਐਮਰਜੈਂਸੀ ਬੈਠਕ ਵਿੱਚ 12 ਸੂਤਰੀ ਯੋਜਨਾ ਦਾ ਸੁਝਾਅ ਦਿੱਤਾ ਸੀ । ਦਿੱਲੀ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਦੇ ਮੱਦੇਨਜ਼ਰ CAPF ਤੋਂ ਹੋਰ ਡਾਕਟਰਾਂ ਅਤੇ ਪੈਰਾ ਮੈਡੀਕਲ ਨੂੰ ਦਿੱਲੀ ਲਿਜਾਣ ਦਾ ਫੈਸਲਾ ਲਿਆ ਗਿਆ। ਇਸ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਕਈ ਸੀਨੀਅਰ ਆਗੂ ਅਤੇ ਅਧਿਕਾਰੀ ਮੌਜੂਦ ਸਨ । ਇਸ ਬੈਠਕ ਵਿੱਚ ਇਹ ਵੀ ਕਿਹਾ ਗਿਆ ਕਿ ਕੇਂਦਰ ਦਿੱਲੀ ਨੂੰ ਆਈ.ਸੀ.ਯੂ. ਬੈੱਡ ਮੁਹੱਈਆ ਕਰਵਾਏਗਾ ਅਤੇ ਹੋਰ ਉਪਕਰਣ ਮੁਹੱਈਆ ਕਰਵਾਏਗਾ।
ਇਸ ਸਬੰਧੀ ਅਮਿਤ ਸ਼ਾਹ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੀਟਿੰਗ ਵਿੱਚ ਕੋਰੋਨਾ ‘ਤੇ ਕੰਟਰੋਲ ਲਈ ਵੱਖ-ਵੱਖ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਵਿੱਚ RT-PCR ਟੈਸਟ ਵਿੱਚ ਦੋ ਗੁਣਾ ਵਾਧਾ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਲੈਬਾਂ ਦੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ, ਜਿੱਥੇ ਕੋਰੋਨਾ ਹੋਣ ਦਾ ਖਤਰਾ ਜ਼ਿਆਦਾ ਹੈ, ਉੱਥੇ ਸਿਹਤ ਮੰਤਰਾਲੇ ਅਤੇ ਆਈਸੀਐਮਆਰ ਦੀਆਂ ਮੋਬਾਈਲ ਟੈਸਟਿੰਗ ਵੈਨਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਧੇਰੇ ਖ਼ਤਰਨਾਕ ਬਣ ਗਈ ਹੈ। ਦਿੱਲੀ ਵਿੱਚ 24 ਘੰਟਿਆਂ ਵਿੱਚ 7340 ਲੋਕ ਕੋਰੋਨਾ ਪੀੜਤ ਮਿਲੇ ਹਨ, ਜਦੋਂ ਕਿ ਕੋਰੋਨਾ ਦੀ ਲਾਗ ਕਾਰਨ ਦਿੱਲੀ ਵਿੱਚ 96 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਹੁਣ ਤੱਕ 4 ਲੱਖ 82 ਹਜ਼ਾਰ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 4 ਲੱਖ 30 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ । ਦਿੱਲੀ ਵਿੱਚ ਹੁਣ ਤੱਕ 7519 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ।
ਇਹ ਵੀ ਦੇਖੋ: ਪੰਜਾਬੀਆਂ ਦੀ ਸੋਚ ਨੂੰ ਹੋਇਆ #Cancer ? ਸੁਣੋ, Lakha Sidhana ਨੇ ਕਿਉਂ ਕਹੀ ਇਹ ਗੱਲ?