Government allows export: ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ 24 ਮਾਰਚ ਨੂੰ ਵੈਂਟੀਲੇਟਰਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ, ਸਰਕਾਰ ਨੂੰ ਡਰ ਸੀ ਕਿ ਜੇਕਰ ਦੇਸ਼ ਵਿੱਚ ਹੋਰ ਕੋਰੋਨਾ ਫੈਲਦਾ ਹੈ ਤਾਂ ਵੈਂਟੀਲੇਟਰਾਂ ਦੀ ਘਾਟ ਹੋ ਸਕਦੀ ਹੈ। ਪਰ ਹੁਣ ਸਰਕਾਰ ਨੇ ਵੈਂਟੀਲੇਟਰਾਂ ਦੇ ਨਿਰਯਾਤ ‘ਤੇ ਲੱਗੀ ਰੋਕ ਹਟਾ ਦਿੱਤੀ ਹੈ । ਦਰਅਸਲ, ਪਿਛਲੇ ਇੱਕ ਮਹੀਨੇ ਤੋਂ ਐਸੋਸੀਏਸ਼ਨ ਆਫ ਇੰਡੀਅਨ ਮੈਡੀਕਲ ਡਿਵਾਈਸ ਇੰਡਸਟਰੀ (AIMED) ਵੈਂਟੀਲੇਟਰਾਂ ਦੇ ਨਿਰਯਾਤ ‘ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ। AIMED ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਲਿਖੇ ਇੱਕ ਪੱਤਰ ਵਿੱਚ ਅਗਸਤ 2020 ਤੋਂ ਵੈਂਟੀਲੇਟਰ ਨਿਰਯਾਤ ਕਰਨ ਦੀ ਆਗਿਆ ਦੀ ਮੰਗ ਕੀਤੀ ਸੀ ।
ਹੁਣ ਸਰਕਾਰ ਨੇ ਵੈਂਟੀਲੇਟਰਾਂ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਹੈ ਕਿ ਹੁਣ ਕੋਰੋਨਾ ਮੌਤ ਦਰ 2.15 ਪ੍ਰਤੀਸ਼ਤ ਹੈ, ਇਸ ਨੂੰ ਹੋਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਵੈਂਟੀਲੈਂਟਰਾਂ ਦੀ ਬਹੁਤ ਘੱਟ ਜ਼ਰੂਰਤ ਪੈ ਰਹੀ ਹੈ। 31 ਜੁਲਾਈ ਨੂੰ ਸਿਰਫ 0.22 ਪ੍ਰਤੀਸ਼ਤ ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹੀ ਵੈਂਟੀਲੇਟਰਾਂ ‘ਤੇ ਸਨ। ਇਸ ਲਈ ਸਰਕਾਰ ਨੇ ਅਗਸਤ ਤੋਂ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜੁਲਾਈ ਦੇ ਪਹਿਲੇ ਹਫਤੇ ਵਿੱਚ AIMED ਨੇ ਰਿਪੋਰਟ ਦਿੱਤੀ ਸੀ ਕਿ ਜੁਲਾਈ ਦੇ ਅੰਤ ਤੱਕ ਨਿਰਮਾਤਾਵਾਂ ਨੂੰ ਵੈਂਟੀਲੇਟਰਾਂ ਦੀ ਬਹੁਤਾਤ ਹੋ ਸਕਦੀ ਹੈ। ਕਿਉਂਕਿ ਉਤਪਾਦਨ ਜਾਰੀ ਹੈ ਅਤੇ ਦੇਸ਼ ਵਿੱਚ ਮੰਗ ਘੱਟ ਰਹੀ ਹੈ। ਕੇਂਦਰ ਅਤੇ ਰਾਜਾਂ ਤੋਂ ਆਰਡਰ ਨਹੀਂ ਮਿਲ ਰਹੇ ਹਨ, ਨਿਰਮਾਤਾਵਾਂ ਕੋਲ ਸਟਾਕ ਪਿਆ ਹੈ, ਇਸ ਲਈ ਨਿਰਯਾਤ ਦੀ ਆਗਿਆ ਹੋਣੀ ਚਾਹੀਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਵੈਂਟੀਲੇਟਰਾਂ ਦੇ ਨਿਰਯਾਤ ਦੀ ਆਗਿਆ ਦੇਣ ਤੋਂ ਬਾਅਦ ਹੁਣ ਇਹ ਵੈਂਟੀਲੇਟਰ ਵਿਦੇਸ਼ਾਂ ਵਿੱਚ ਨਵੇਂ ਬਾਜ਼ਾਰ ਲੱਭਣ ਦੀ ਸਥਿਤੀ ਵਿੱਚ ਹੋਣਗੇ।