Govt & Private Schools In Delhi: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਹ ਫੈਸਲਾ ਮਾਪਿਆਂ ਦੇ ਸੁਝਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ । ਦਿੱਲੀ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪਿਆਂ ਵਿੱਚ ਇਹ ਚਿੰਤਾ ਹੈ ਕਿ ਜੇ ਸਕੂਲ ਖੁੱਲ੍ਹਦੇ ਹਨ ਤਾਂ ਕੋਰੋਨਾ ਦੀ ਲਾਗ ਫੈਲਣ ਦਾ ਖ਼ਤਰਾ ਹੋ ਸਕਦਾ ਹੈ । ਸਿਸੋਦੀਆ ਨੇ ਕਿਹਾ ਕਿ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਜਿੱਥੇ ਸਕੂਲ ਖੁੱਲ੍ਹੇ, ਉੱਥੇ ਅਜਿਹਾ ਵੇਖਣ ਨੂੰ ਮਿਲਿਆ ਹੈ।
ਸਿਸੋਦੀਆ ਨੇ ਕਿਹਾ ਕਿ ਆਈਪੀ ਯੂਨੀਵਰਸਿਟੀ ਨੇ ਕਾਲਜਾਂ ਵਿੱਚ 1330 ਸੀਟਾਂ ਦਾ ਵਾਧਾ ਕੀਤਾ ਹੈ । 12ਵੀਂ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਸਦਾ ਲਾਭ ਹੋਵੇਗਾ। ਬੀਟੈਕ ਵਿੱਚ 630 ਸੀਟਾਂ, ਬੀਵਾਕ ਵਿੱਚ 20 ਨਵੀਆਂ ਸੀਟਾਂ, ਬੀਬੀਏ ਵਿੱਚ 120 ਸੀਟਾਂ, ਬੀਕਾਮ ਵਿੱਚ 200 ਸੀਟਾਂ, ਬੀਸੀਏ ਵਿੱਚ 90 ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਸੀਟਾਂ ਵਿੱਚ ਵਾਧਾ ਕਰਨਾ 5 ਤੋਂ 6 ਕਾਲਜ ਖੋਲ੍ਹਣ ਦੇ ਬਰਾਬਰ ਹੈ । ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਾਜਧਾਨੀ ਵਿੱਚ ਸਕੂਲ ਖੁੱਲ੍ਹਣ ਦੀ ਸੰਭਾਵਨਾ ਨੂੰ ਨਕਾਰ ਦਿੱਤਾ ਸੀ।
ਦੱਸ ਦੇਈਏ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਸਕੂਲ 16 ਮਾਰਚ ਤੋਂ ਬੰਦ ਹਨ ਜਦੋਂ ਕੇਂਦਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਫੈਲਣ ਨੂੰ ਰੋਕਣ ਦੇ ਉਪਾਵਾਂ ਦੇ ਤਹਿਤ ਦੇਸ਼ ਭਰ ਵਿੱਚ ਕਲਾਸ ਰੂਮਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ । ਦੇਸ਼ ਵਿਆਪੀ ਲਾਕਡਾਊਨ 25 ਮਾਰਚ ਨੂੰ ਲਗਾਇਆ ਗਿਆ ਸੀ।