Govt reviewing remdesivir: ਨਵੀਂ ਦਿੱਲੀ: ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਮਰੀਜ਼ਾਂ ਦੇ ਇਲਾਜ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਕੋਰੋਨਾ ਦੇ ਇਲਾਜ ਵਿੱਚ ਇੱਕ ਪ੍ਰਭਾਵਸ਼ਾਲੀ ਦਵਾਈ ਰੇਮਡੇਸਿਵੀਰ ਦੀ ਖੁਰਾਕ ਨੂੰ ਘਟਾ ਦਿੱਤਾ ਗਿਆ ਹੈ। ਹੁਣ ਇਹ ਦਵਾਈ ਨੂੰ 6 ਦਿਨਾਂ ਦੀ ਬਜਾਏ 5 ਦਿਨਾਂ ਲਈ ਮਰੀਜ਼ਾਂ ਨੂੰ ਦਿੱਤਾ ਜਾਵੇਗਾ। ਰੇਮਡੇਸਿਵੀਰ ਇੱਕ ਐਂਟੀ-ਵਾਇਰਲ ਦਵਾਈ ਹੈ ਅਤੇ ਕੋਰੋਨਾ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ । ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ।
ਦਰਅਸਲ, ਇਸ ਸਬੰਧੀ ਸਿਹਤ ਮੰਤਰਾਲੇ ਦੇ ਨਵੇਂ ਪ੍ਰੋਟੋਕੋਲ ਦਾ ਕਹਿਣਾ ਹੈ ਕਿ ਇਹ ਦਵਾਈ ਮਰੀਜ਼ਾਂ ਨੂੰ ਟੀਕੇ ਦੇ ਰੂਪ ਵਿੱਚ ਦਿੱਤੀ ਜਾਵੇਗੀ । ਪਹਿਲੇ ਦਿਨ ਮਰੀਜ਼ ਨੂੰ ਟੀਕੇ ਦੇ ਰੂਪ ਵਿੱਚ ਰੇਮਡੇਸਿਵੀਰ ਦੀ 200 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਜਾਏਗੀ, ਜਿਸ ਤੋਂ ਬਾਅਦ ਅਗਲੇ ਚਾਰ ਦਿਨਾਂ ਲਈ ਮਰੀਜ਼ ਨੂੰ 100-100 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 13 ਜੂਨ ਨੂੰ ਸਿਹਤ ਮੰਤਰਾਲੇ ਵੱਲੋਂ ਰੇਮਡੇਸਿਵੀਰ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ। ਸਿਹਤ ਮੰਤਰਾਲੇ ਨੇ ਫਿਰ ਸੀਮਿਤ ਵਰਤੋਂ ਅਧੀਨ ਐਮਰਜੈਂਸੀ ਵਿੱਚ ਰੇਮਡੇਸਿਵੀਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਇਹ ਦਵਾਈ ਗੁਰਦੇ, ਜਿਗਰ ਦੀਆਂ ਬਿਮਾਰੀਆਂ, ਗਰਭਵਤੀ ਔਰਤਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ।
ਦੱਸ ਦੇਈਏ ਕਿ ਸਿਹਤ ਮੰਤਰਾਲੇ ਵੱਲੋਂ ਹਾਈਡ੍ਰੋਕਸੀਕਲੋਰੋਕਿਨ ਬਾਰੇ ਵੀ ਸਲਾਹ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਦਵਾਈ ਦੀ ਵਰਤੋਂ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੋਣੀ ਚਾਹੀਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਦਵਾਈ ਗੰਭੀਰ ਰੂਪ ਨਾਲ ਬਿਮਾਰ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ।