Gujarat couple breaks FD: ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਆਤੰਕ ਮਚਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਵੱਲੋਂ ਕੋਰੋਨਾ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਰਸਿਕ ਮਹਿਤਾ ਨਾਮ ਦੇ ਵਿਅਕਤੀ ਵੱਲੋਂ ਕੋਰੋਨਾ ਵਾਇਰਸ ਖ਼ਿਲਾਫ਼ ਜ਼ਿੰਦਗੀ ਲਈ ਲੜ ਰਹੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ 2020 ਵਿੱਚ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਵਿੱਚ ਉਨ੍ਹਾਂ ਦੇ ਬੇਟੇ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੁਣ ਕੋਰੋਨਾ ਦੀ ਦੂਜੀ ਲਹਿਰ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਉਸਦੇ ਨਾਮ ‘ਤੇ ਕਰਵਾਈ ਗਈ 15 ਲੱਖ ਦੀ FD ਨਾਲ ਕੋਰੋਨਾ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ, ਤਾਂ ਜੋ ਹੋਰ ਕੋਈ ਉਨ੍ਹਾਂ ਦੀ ਬੇਟੇ ਦੀ ਤਰ੍ਹਾਂ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਨਾ ਹਾਰ ਸਕੇ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਤੱਕ 200 ਆਈਸੋਲੇਟ ਮਰੀਜ਼ਾਂ ਨੂੰ ਕੋਰੋਨਾ ਕਿੱਟਾਂ ਪ੍ਰਦਾਨ ਕਰ ਚੁੱਕੇ ਹਨ । ਸਿਰਫ ਇਹ ਹੀ ਨਹੀਂ, ਆਪਣੇ ਖਰਚੇ ‘ਤੇ ਉਨ੍ਹਾਂ ਨੇ 350 ਤੋਂ ਵੱਧ ਲੋਕਾਂ ਨੂੰ ਕੋਰੋਨਾ ਰੋਧੀ ਟੀਕਾ ਵੀ ਲਗਵਾਇਆ ਹੈ।
ਇਸ ਬਾਰੇ ਮਹਿਤਾ ਜੋੜੇ ਨੇ ਕਿਹਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਕੋਰੋਨਾ ਕਾਰਨ ਦੁਖੀ ਹਨ । ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਅਜਿਹੇ ਲੋਕਾਂ ਦੀ ਭਾਲ ਵਿੱਚ ਨਿਕਲਦੇ ਹਨ,ਜਿਨ੍ਹਾਂ ਨੇ ਹਾਲੇ ਵੀ ਵੈਕਸੀਨ ਨਹੀਂ ਲਗਵਾਈ ਹੈ। ਇਸ ਤੋਂ ਬਾਅਦ ਉਹ ਅਜਿਹੇ ਲੋਕਾਂ ਨੂੰ ਆਪਣੀ ਕਾਰ ਵਿੱਚ ਟੀਕਾ ਲਗਵਾਉਣ ਲਈ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਜ਼ਰੀਏ ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੇ ਨਾਲ ਜੋ ਵੀ ਵਾਪਰਿਆ ਉਹ ਕਦੇ ਕਿਸੇ ਹੋਰ ਨਾਲ ਨਾ ਵਾਪਰੇ।
ਗੌਰਤਲਬ ਹੈ ਕਿ ਗੁਜਰਾਤ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 14,097 ਨਵੇਂ ਕੇਸ ਸਾਹਮਣੇ ਆਏ ਅਤੇ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4,81,737 ਹੋ ਗਈ । ਸਿਹਤ ਵਿਭਾਗ ਦੇ ਇੱਕਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਸ਼ਨੀਵਾਰ ਨੂੰ ਸੰਕਰਮਣ ਕਾਰਨ 152 ਲੋਕਾਂ ਦੀ ਮੌਤ ਹੋ ਗਈ, ਜੋ ਕਿ ਰਾਜ ਵਿੱਚ ਰੋਜ਼ਾਨਾ ਮੌਤ ਦੀ ਗਿਣਤੀ ਹੈ । ਜਿਸ ਤੋਂ ਬਾਅਦ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 6,171 ਹੋ ਗਈ ਹੈ।