Gujarat Hospital Fire: ਗੁਜਰਾਤ ਦੇ ਭਰੂਚ ਸ਼ਹਿਰ ਦੇ ਪਟੇਲ ਵੈਲਫੇਅਰ ਹਸਪਤਾਲ ਵਿੱਚ ਬਣੇ ਕੋਰੋਨਾ ਕੇਅਰ ਵਾਰਡ ਵਿੱਚ ਅਚਾਨਕ ਅੱਗ ਲੱਗ ਗਈ । ਵੇਖਦਿਆਂ ਹੀ ਅੱਗ ਦੀਆਂ ਲਪਟਾਂ ICU ਵਾਰਡ ਤੱਕ ਪਹੁੰਚ ਗਈਆਂ । ਭਿਆਨਕ ਅੱਗ ਨੂੰ ਵੇਖਦਿਆਂ ਹਸਪਤਾਲ ਵਿੱਚ ਭਗਦੜ ਮਚ ਗਈ । ਜਲਦੀ ਵਿੱਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹਸਪਤਾਲ ਦੇ ਮਰੀਜ਼ ਵੀ ਅੱਗ ਦੀ ਲਪੇਟ ਵਿੱਚ ਆ ਗਏ । ਸੂਚਨਾ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ । ਇਸ ਗੰਭੀਰ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 12.30 ਵਜੇ ਦੀ ਦੱਸੀ ਜਾ ਰਹੀ ਹੈ। ਭਰੂਚ ਸਥਿਤ ਪਟੇਲ ਵੈਲਫੇਅਰ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਅਚਾਨਕ ਅੱਗ ਲੱਗ ਗਈ । ਦੱਸਿਆ ਗਿਆ ਹੈ ਕਿ ਜਿਸ ਜਗ੍ਹਾ ਅੱਗ ਲੱਗੀ ਉੱਥੇ ਹੀ ICU ਵਾਰਡ ਸੀ । ਅੱਗ ਇੰਨੀ ਤੇਜ਼ੀ ਨਾਲ ਫੈਲਣ ਲੱਗੀ ਕਿ ਮਰੀਜ਼ਾਂ ਨੂੰ ਬਾਹਰ ਕੱਢਣ ਦਾ ਬਹੁਤ ਘੱਟ ਸਮਾਂ ਮਿਲਿਆ । ਜਦੋਂ ਤੱਕ ਮਰੀਜ਼ਾਂ ਨੂੰ ਬਾਹਰ ਕੱਢਿਆ ਜਾਂਦਾ, ਵੱਡੀ ਗਿਣਤੀ ਵਿੱਚ ਮਰੀਜ਼ ਅੱਗ ਦੀਆਂ ਲਪਟਾਂ ਵਿੱਚ ਫਸ ਚੁੱਕੇ ਸਨ । ਉੱਥੇ ਹੀ ਕੋਵਿਡ ਕੇਅਰ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ‘ਤੇ ਪਹੁੰਚਣਾ ਸ਼ੁਰੂ ਹੋ ਗਈਆਂ । ਸਾਰੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਹਸਪਤਾਲ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ।
ਭਰੂਚ ਦੇ ਕੋਵਿਡ ਕੇਅਰ ਸੈਂਟਰ ਦੇ ਟਰੱਸਟੀ ਜੁਬੈਰ ਪਟੇਲ ਨੇ ਕਿਹਾ ਕਿ ਇਹ ਘਟਨਾ ਨਾ ਸਿਰਫ ਸਾਡੇ ਲਈ ਬਲਕਿ ਪੂਰੇ ਭਰੂਚ ਲਈ ਮੰਦਭਾਗੀ ਹੈ । ਪੁਲਿਸ ਦੀ ਮਦਦ ਨਾਲ ਅਸੀਂ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਇਸ ਮੰਦਭਾਗੀ ਘਟਨਾ ਵਿੱਚ 14 ਮਰੀਜ਼ ਅਤੇ ਦੋ ਸਟਾਫ ਨਰਸਾਂ, ਕੁੱਲ 16 ਲੋਕਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਰਡ ਵਿੱਚ ਤਕਰੀਬਨ 49 ਮਰੀਜ਼ ਦਾਖਲ ਸਨ, ਜਿਨ੍ਹਾਂ ਵਿਚੋਂ 24 ਮਰੀਜ਼ ICU ਵਿੱਚ ਸਨ। ਭਰੂਚ ਕੁਲੈਕਟਰ ਦੇ ਅਨੁਸਾਰ ਅੱਗ ਵਿੱਚ ਝੁਲਸਣ ਕਾਰਨ 16 ਦੀ ਮੌਤ ਹੋ ਗਈ ਹੈ, ਜਦਕਿ ਜ਼ਖਮੀਆਂ ਨੂੰ ਇਲਾਜ ਲਈ ਦੂਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਦੇ ਨਾਲ ਹੀ ਜਲਦਬਾਜ਼ੀ ਵਿੱਚ ਪਟੇਲ ਵੈਲਫੇਅਰ ਹਸਪਤਾਲ ਖਾਲੀ ਕਰਨ ਤੋਂ ਬਾਅਦ ਇੱਥੋਂ ਦੇ ਮਰੀਜ਼ਾਂ ਨੂੰ ਵੀ ਇੱਕ ਹੋਰ ਹਸਪਤਾਲ ਵਿੱਚ ਤਬਦੀਲ ਕਰਵਾਇਆ ਗਿਆ। ਇਸ ਦੇ ਨਾਲ ਹੀ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਲੱਗਣ ਦੇ ਕੀ ਕਾਰਨ ਹਨ । ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੀਸ ਨਿਵਾਉਣ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਦੇਖੋ LIVE