Haryana love jihad bill : ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੀ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਰਾਜ ਵਿੱਚ ਜਬਰੀ ਧਰਮ ਪਰਿਵਰਤਨ ਰੋਕਣ ਲਈ ਵਿਧਾਨ ਸਭਾ ਵਿੱਚ ਨਵਾਂ ‘ਲਵ ਜੇਹਾਦ’ ਬਿੱਲ ਪੇਸ਼ ਕਰਨ ਜਾ ਰਹੀ ਹੈ, ਪਰ ਸਰਕਾਰ ਦੀ ਮੁੱਖ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਦੇ ਨੇਤਾ ( ਜੇਜੇਪੀ) ਅਤੇ ਰਾਜ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ‘ਲਵ ਜੇਹਾਦ‘ ਸ਼ਬਦ ‘ਤੇ ਇਤਰਾਜ਼ ਜਤਾਇਆ ਹੈ। ਚੌਟਾਲਾ ਨੇ ਕਿਹਾ ਹੈ ਕਿ ਉਹ ‘ਲਵ ਜੇਹਾਦ’ ਸ਼ਬਦ ਨਾਲ ਸਹਿਮਤ ਨਹੀਂ ਹਨ। ਉਪ ਮੁੱਖ ਮੰਤਰੀ ਨੇ ਕਿਹਾ, “ਮੈਂ ‘ਲਵ ਜੇਹਾਦ’ ਸ਼ਬਦ ਨਾਲ ਸਹਿਮਤ ਨਹੀਂ ਹਾਂ। ਸਾਨੂੰ ਜਬਰੀ ਧਰਮ ਪਰਿਵਰਤਨ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ ‘ਤੇ ਇੱਕ ਕਾਨੂੰਨ ਮਿਲੇਗਾ ਅਤੇ ਅਸੀਂ ਇਸ ਦਾ ਸਮਰਥਨ ਕਰਾਂਗੇ। ਜੇ ਕੋਈ ਆਪਣੀ ਮਰਜ਼ੀ ਨਾਲ ਧਰਮ ਬਦਲੀ ਕਰਦਾ ਹੈ ਜਾਂ ਕਿਸੇ ਹੋਰ ਧਰਮ ਦੇ ਸਾਥੀ ਨਾਲ ਵਿਆਹ ਕਰਾਉਂਦਾ ਹੈ ਤਾਂ ਇਸ ‘ਤੇ ਕੋਈ ਪਾਬੰਦੀ ਨਹੀਂ ਹੈ।”
ਦੁਸ਼ਯੰਤ ਚੌਟਾਲਾ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਜਨਨਾਇਕ ਜਨਤਾ ਪਾਰਟੀ ਅਤੇ ਦੁਸ਼ਯੰਤ ਚੌਟਾਲਾ ਪਹਿਲਾਂ ਹੀ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਭਾਜਪਾ ਦੇ ਸਟੈਂਡ ਤੋਂ ਨਾਖੁਸ਼ ਹਨ। ਚੌਟਾਲਾ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ ਅਤੇ ਤਿੰਨ ਖੇਤੀ ਕਾਨੂੰਨਾਂ ‘ਤੇ ਨਜ਼ਰਸਾਨੀ ਦੀ ਮੰਗ ਕੀਤੀ ਹੈ। ਚੌਟਾਲਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕਿਸਾਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਤਾਂ ਉਹ ਸਰਕਾਰ ਤੋਂ ਅਸਤੀਫਾ ਦੇ ਦੇਣਗੇ। ਦੱਸ ਦੇਈਏ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕਰਨਾਟਕ ਸਮੇਤ ਕਈ ਭਾਜਪਾ ਸ਼ਾਸਿਤ ਰਾਜਾਂ ਨੇ ਪਹਿਲਾਂ ਹੀ ਅਜਿਹੇ ਕਾਨੂੰਨ ਲਾਗੂ ਕਰ ਦਿੱਤੇ ਹਨ ਪਰ ਹਰਿਆਣਾ ਵਿੱਚ ਇਸਦੀ ਤਿਆਰੀ ਤੋਂ ਬਾਅਦ ਜੇਜੇਪੀ ਨੂੰ ਨੂਹ ਜ਼ਿਲ੍ਹੇ ਵਿੱਚ ਮੁਸਲਿਮ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਉਨ੍ਹਾਂ ਦੀ ਇੱਕ ਵੱਡੀ ਆਬਾਦੀ ਹੈ ਅਤੇ ਜੇਜੇਪੀ ਦਾ ਇੱਕ ਵੋਟ ਬੈਂਕ ਹੈ।