ਅਯੁੱਧਿਆ ਦਾ ਰਾਮ ਮੰਦਰ ਪਹਿਲੀ ਹੀ ਮੀਂਹ ਵਿਚ ਟਪਕਣ ਲੱਗਾ। ਮੁੱਖ ਪੁਜਾਰੀ ਸਤੇਂਦਰ ਦਾਸ ਨੇ ਕਿਹਾ ਕਿ ਗਰਭਗ੍ਰਹਿ ਜਿਥੇ ਰਾਮਲੱਲਾ ਵਿਰਾਜਮਾਨ ਹਨ, ਉਥੇ ਵੀ ਪਾਣੀ ਭਰ ਗਿਆ। ਜੇਕਰ 1-2 ਦਿਨ ਵਿਚ ਇੰਤਜ਼ਾਮ ਨਾ ਹੋਏ ਤਾਂ ਦਰਸ਼ਨ ਤੇ ਪੂਜਾ ਦੀ ਵਿਵਸਥਾ ਬੰਦ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ 2 ਤੋਂ 5 ਵਜੇ ਤੱਕ ਮੀਂਹ ਪਿਆ। ਇਸ ਦੇ ਬਾਅਦ ਮੰਦਰ ਦੇ ਗਰਭਗ੍ਰਹਿ ਦੇ ਸਾਹਮਣੇ ਮੰਡਪ ਵਿਚ 4 ਇੰਚ ਤੱਕ ਪਾਣੀ ਭਰ ਗਿਆ। ਮੰਦਰ ਦੇ ਅੰਦਰ ਲੋਕਾਂ ਨੂੰ ਡਰ ਸੀ ਕਿ ਕਿਤੇ ਬਿਜਲੀ ਦਾ ਕਰੰਟ ਨਾ ਆ ਜਾਵੇ। ਇਸ ਲਈ ਸਵੇਰੇ 4 ਵਜੇ ਹੋਣ ਵਾਲੀ ਆਰਤੀ ਟਾਰਚ ਦੀ ਰੌਸ਼ਨੀ ਵਿਚ ਕਰਨੀ ਪਈ।
ਆਚਾਰਿਆ ਸਤੇਂਦਰ ਦਾਸ ਨੇ ਕਿਹਾ ਕਿ ਗਰਭਗ੍ਰਹਿ ਤੋਂ ਇਲਾਵਾ ਜੋ ਵੀ ਛੋਟੇ ਮੰਦਰ ਬਣੇ ਹਨ, ਉਥੇ ਵੀ ਪਾਣੀ ਭਰ ਗਿਆ ਹੈ। ਸਮੱਸਿਆ ਦਾ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ। 6 ਮਹੀਨੇ ਪਹਿਲਾਂ ਬਣੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦੀ ਲਗਭਗ 20 ਮੀਟਰ ਲੰਬੀ ਬਾਊਂਡਰੀ ਵਾਲ ਵੀ ਢਹਿ ਗਈ। ਪਾਣੀ ਨਿਕਲਣ ਦਾ ਠੀਕ ਇੰਤਜ਼ਾਮ ਨਾ ਹੋਣ ਕਾਰਨ ਦਿੱਕਤ ਆ ਰਹੀ ਹੈ।
ਦੱਸ ਦੇਈਏ ਕਿ ਰਾਮ ਮੰਦਰ ਅਜੇ ਸਿਰਫ ਇਕ ਫਲੋਰ ਤਿਆਰ ਹੈ। ਇਸ ‘ਤੇ 1800 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਮੁੱਖ ਸਿਖਰ, ਪਕਰੋਟਾ, 5 ਛੋਟੇ ਸਿਖਰ, 13 ਮੰਦਰ, ਟਰੱਸਟ ਦੇ ਆਫਿਸ, VVIP ਵੇਟਿੰਗ ਏਰੀਆ, ਯਾਤਰੀ ਸੁਵਿਧਾ ਕੇਂਦਰ, ਮਿਊਜ਼ੀਅਮ, ਲਾਇਬ੍ਰੇਰੀ ਤੇ ਸੋਧ ਸੰਸਥਾ ਸਣੇ ਕਈ ਕੰਮ ਬਾਕੀ ਹਨ। ਮੰਦਰ ਦੇ ਬਾਕੀ ਬਚੇ ਕੰਮ ਵਿਚ 2000 ਕਰੋੜ ਰੁਪਏ ਦੀ ਹੋਰ ਲੋੜ ਪੈ ਸਕਦੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਟੀਵੀ ਅਦਾਕਾਰਾ ਨੇ ਕੁੜੀ ਨਾਲ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਤਸਵੀਰਾਂ ਵਾਇਰਲ
ਜ਼ਿਕਰਯੋਗ ਹੈ ਕਿ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਮੁਤਾਬਕ ਰਾਮ ਮੰਦਰ ਲਈ ਹੁਣ ਤੱਕ 3200 ਕਰੋੜ ਤੋਂ ਜ਼ਿਆਦਾ ਦਾ ਦਾਨ ਮਿਲ ਚੁੱਕਾ ਹੈ। ਹੁਣ ਵੀ ਦਾਨ ਆ ਰਿਹਾ ਹੈ। ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਪਏ ਪਹਿਲੇ ਮੀਂਹ ਨੇ ਸਾਰੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਅਯੁੱਧਿਆ ਦੇ ਵਿਕਾਸ ਨੂੰ ਮਾਡਲ ਬਣਾਉਣ ਲਈ ਤਿਆਰ ਰਾਮਪਥ ਪਹਿਲੀ ਹੀ ਮੀਂਹ ਵਿਚ ਕਈ ਥਾਈਂ ਧੱਸ ਗਿਆ।