Independence Day 2020: ਨਵੀਂ ਦਿੱਲੀ: 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੇ ਪ੍ਰਾਚੀਰ ਤੋਂ ਤਿਰੰਗਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ । ਮੇਜਰ ਸ਼ਵੇਤਾ ਪਾਂਡੇ ਨੇ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਝੰਡਾ ਲਹਿਰਾਉਣ ਵਿੱਚ ਪੀਐੱਮ ਦੀ ਸਹਾਇਤਾ ਕੀਤੀ। ਇਸਦੇ ਨਾਲ ਇੱਕ ਨਵਾਂ ਵਿਲੱਖਣ ਰਿਕਾਰਡ ਵੀ ਦਰਜ ਕੀਤਾ ਗਿਆ ਹੈ। ਪੀਐਮ ਮੋਦੀ ਲਗਾਤਾਰ ਸੱਤਵੀਂ ਵਾਰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਉਣ ਵਾਲੇ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਸੱਤ ਜਾਂ ਵੱਧ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਵਾਲੇ ਪ੍ਰਧਾਨਮੰਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਹਨ।
ਰਾਸ਼ਟਰੀ ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੂੰ ‘ਰਾਸ਼ਟਰੀ ਗਾਰਡ’ ਰਾਸ਼ਟਰੀ ਸਲਾਮੀ ਦਿੱਤੀ ਗਈ। ਰਾਸ਼ਟਰੀ ਗਾਰਡ ਵਿੱਚ ਤਿੰਨੋਂ ਫੌਜਾਂ ਅਤੇ ਦਿੱਲੀ ਪੁਲਿਸ ਦੇ ਕੁੱਲ 32 ਜਵਾਨ ਸ਼ਾਮਿਲ ਹਨ। ਥਲ ਸੈਨਾ ਦੇ ਗ੍ਰੇਨੇਡੀਅਰ ਰੈਜੀਮੈਂਟਲ ਸੈਂਟਰ ਦੇ ਬੈਂਡ ਨੇ ਰਾਸ਼ਟਰੀ ਗੀਤ ਦੀ ਧੁਨ ਵਜਾਈ। ਇਸ ਬੈਂਡ ਦੀ ਅਗਵਾਈ ਸੂਬੇਦਾਰ-ਮੇਜਰ ਅਬਦੁੱਲ ਗਨੀ ਨੇ ਕੀਤੀ । ਇਸ ਤੋਂ ਤੁਰੰਤ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਫੌਜ ਦੀ ਫੀਲਡ-ਬੈਟਰੀ ਨੇ ਇਹ ਸਲਾਮੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਣ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ । ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਨੇ ਇਸ ਸਾਲ ਆਜ਼ਾਦੀ ਦਿਹਾੜੇ ਸਮਾਰੋਹਾਂ ਵਿੱਚ ਹਿੱਸਾ ਨਹੀਂ ਲਿਆ।