India corona count climbs: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ ਦੇ ਪਾਰ ਪਹੁੰਚ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 48 ਹਜ਼ਾਰ 513 ਨਵੇਂ ਮਰੀਜ਼ ਪਾਏ ਗਏ ਹਨ, ਜਦਕਿ 768 ਲੋਕ ਆਪਣੀ ਜਾਨ ਗਵਾ ਚੁੱਕੇ ਹਨ । ਸਿਹਤ ਮੰਤਰਾਲੇ ਵੱਲੋਂ ਦਿੱਤੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ 31 ਹਜ਼ਾਰ 669 ਹੋ ਗਈ ਹੈ । ਇਨ੍ਹਾਂ ਵਿਚੋਂ 5 ਲੱਖ 09 ਹਜ਼ਾਰ 447 ਸਰਗਰਮ ਕੇਸ ਹਨ । ਹੁਣ ਤੱਕ ਕੋਰੋਨਾ ਤੋਂ 34 ਹਜ਼ਾਰ 193 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਇਸ ਮਹਾਂਮਾਰੀ ਤੋਂ 9 ਲੱਖ 88 ਹਜ਼ਾਰ 029 ਵਿਅਕਤੀ ਠੀਕ ਵੀ ਹੋਏ ਹਨ।
ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਇੱਕ ਚੰਗੀ ਖ਼ਬਰ ਇਹ ਹੈ ਕਿ ਹੁਣ ਟੈਸਟਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਆਈਸੀਐਮਆਰ ਦੇ ਅੰਕੜਿਆਂ ਅਨੁਸਾਰ 28 ਜੁਲਾਈ ਨੂੰ 4,08,855 ਲੋਕਾਂ ਦਾ ਟੈਸਟ ਕੀਤਾ ਗਿਆ ਸੀ । ਉੱਥੇ ਹੀ ਹੁਣ ਤੱਕ ਕੁੱਲ 1,77,43,740 ਲੋਕਾਂ ਦਾ ਟੈਸਟ ਕੀਤਾ ਗਿਆ ਹੈ।
ਮਹਾਂਰਾਸ਼ਟਰ ਵਿੱਚ ਕੋਵਿਡ -19 ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੰਗਲਵਾਰ ਨੂੰ ਇੱਥੇ 7717 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 282 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਰਾਜ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14165 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦਾ ਅੰਕੜਾ 2,32,277 ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 1056 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 28 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਦਿੱਲੀ ਵਿੱਚ ਮੌਤਾਂ ਦਾ ਅੰਕੜਾ 3881 ਹੋ ਗਿਆ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਵਿੱਚ ਪੀੜਤਾਂ ਦੀ ਕੁੱਲ ਗਿਣਤੀ 1,32,275 ਹੋ ਗਈ ਹੈ। ਰਾਹਤ ਦੀ ਗੱਲ ਹੈ ਕਿ ਇੱਥੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 88.83 ਫ਼ੀਸਦੀ ਹੋ ਗਈ ਹੈ।
ਦੱਸ ਦੇਈਏ ਕਿ ਪਿਛਲੇ ਪੰਜ ਦਿਨਾਂ ਤੋਂ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਰਹੀ ਹੈ। ਦੇਸ਼ ਦੀ ਰਿਕਵਰੀ ਦੀ ਦਰ 64.23 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਮੌਤ ਦਰ ਵੀ ਹੁਣ 2.25 ਪ੍ਰਤੀਸ਼ਤ ਹੋ ਗਈ ਹੈ। ਦੇਸ਼ ਦੇ ਜਿਨ੍ਹਾਂ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਹਨ ਉਹ ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਹਨ। ਹਾਲਾਂਕਿ, ਦਿੱਲੀ ਦੀ ਰਿਕਵਰੀ ਦੀ ਦਰ 88 ਪ੍ਰਤੀਸ਼ਤ ਤੋਂ ਉਪਰ ਹੈ। ਯਾਨੀ ਇੱਥੇ 100 ਮਰੀਜ਼ਾਂ ਵਿਚੋਂ 88 ਮਰੀਜ਼ ਠੀਕ ਹੋ ਰਹੇ ਹਨ।