India records 27114 cases: ਨਵੀਂ ਦਿੱਲੀ: ਪੂਰੀ ਦੁਨੀਆ ਦੇ ਨਾਲ-ਨਾਲ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਕਹਿਰ ਦੇ ਚੱਲਦਿਆਂ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 27,114 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪੀੜਤਾਂ ਦੀ ਹੁਣ ਤੱਕ ਦੀ ਇੱਕ ਦਿਨ ਵਿੱਚ ਸਭ ਤੋਂ ਵੱਧ ਗਿਣਤੀ ਹੈ, ਜਦਕਿ 519 ਲੋਕਾਂ ਦੀ ਮੌਤ ਹੋਈ ਹੈ । ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 27,114 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 8,20,916 ਹੋ ਗਈ ਹੈ ।
ਉੱਥੇ ਹੀ ਦੂਜੇ ਪਾਸੇ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਇਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਦੌਰਾਨ 19,873 ਰੋਗੀ ਸਿਹਤਯਾਬ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 5,15,386 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2,83,407 ਸਰਗਰਮ ਮਾਮਲੇ ਹਨ । ਪਿਛਲੇ 24 ਘੰਟਿਆਂ ਵਿੱਚ 519 ਲੋਕਾਂ ਦੀ ਮੌਤ ਨਾਲ ਦੇਸ਼ ਵਿੱਚ ਮ੍ਰਿਤਕਾਂ ਦਾ ਅੰਕੜਾ 22,123 ਹੋ ਗਿਆ ਹੈ। ਜੇਕਰ ਇੱਥੇ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਦੀ ਟੈਸਟਿੰਗ ਵਿੱਚ ਵੀ ਵਾਧਾ ਹੋਇਆ ਹੈ। 10 ਜੁਲਾਈ ਨੂੰ ਦੇਸ਼ 2 ਲੱਖ 82 ਹਜ਼ਾਰ 511 ਨਮੂਨਿਆਂ ਦੀ ਜਾਂਚ ਕੀਤੀ ਗਈ । ਇਸ ਐੱਮਲੇ ਵਿੱਚ ICMR ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ 1 ਕਰੋੜ 13 ਲੱਖ 7 ਹਜ਼ਾਰ 2 ਟੈਸਟ ਕੀਤੇ ਜਾ ਚੁੱਕੇ ਹਨ ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 7,862 ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾਂ 2,38,461 ‘ਤੇ ਪਹੁੰਚ ਗਿਆ ਹੈ। ਸੂਬੇ ਵਿੱਚ ਇਸ ਦੌਰਾਨ 226 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9,893 ਪਹੁੰਚ ਗਈ ਹੈ। ਉੱਥੇ ਹੀ 1,32,625 ਲੋਕ ਠੀਕ ਹੋਏ ਹਨ।
ਇਸ ਤੋਂ ਇਲਾਵਾ ਵਾਇਰਸ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ, ਜਿੱਥੇ ਪੀੜਤਾਂ ਦੀ ਗਿਣਤੀ ਸਵਾ ਲੱਖ ਦੇ ਪਾਰ ਹੋ ਗਈ ਹੈ । ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ ਮਾਮਲੇ 3,680 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਹ ਗਿਣਤੀ ਵੱਧ ਕੇ 1,30,261 ‘ਤੇ ਪਹੁੰਚ ਗਈ ਹੈ। ਇਸ ਦੌਰਾਨ 64 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1829 ਹੋ ਗਈ ਹੈ ।