India records highest spike: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਦਰਅਸਲ, ਪਹਿਲੀ ਵਾਰ ਦੇਸ਼ ਵਿੱਚ 14 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 14,516 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 375 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3 ਲੱਖ 95 ਹਜ਼ਾਰ 48 ਹੋ ਗਈ ਹੈ।
ਜੇਕਰ ਕੋਰੋਨਾ ਦੇ ਵੱਧ ਰਹੇ ਗ੍ਰਾਫ ਨੂੰ ਦੇਖਿਆ ਜਾਵੇ ਤਾਂ 3 ਰਾਜਾਂ ਵਿੱਚ ਸੰਕਟ ਦਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਦੇ 3 ਰਾਜਾਂ ਵਿੱਚ 10 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆਏ ਹਨ । ਦਿੱਲੀ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਕੋਰੋਨਾ ਦੇ 9079 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਦੇਸ਼ ਦੇ ਹੋਰ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 5437 ਮਾਮਲੇ ਸਾਹਮਣੇ ਆਏ ਹਨ । ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 3137 ਨਵੇਂ ਮਾਮਲੇ, ਮਹਾਰਾਸ਼ਟਰ ਵਿੱਚ 3827 ਨਵੇਂ ਮਾਮਲੇ ਅਤੇ ਤਾਮਿਲਨਾਡੂ ਵਿੱਚ 2115 ਨਵੇਂ ਕੇਸ ਸਾਹਮਣੇ ਆਏ ਹਨ ।
ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਮੁੰਬਈ ਪੁਲਿਸ ਨੇ ਬੀਐਮਸੀ ਤੋਂ 5 ਥਾਵਾਂ ‘ਤੇ ਮੁਕੰਮਲ ਲਾਕਡਾਊਨ ਦੀ ਮੰਗ ਕੀਤੀ ਹੈ। ਮੁੰਬਈ ਪੁਲਿਸ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐਮਸੀ ਤੋਂ ਸਮਤਾ ਨਗਰ, ਕੁਰਾਰ ਦੇ ਅਪਾਪਾਡਾ, ਕੁਰਾਰ ਪਿੰਡ, ਮਡ ਖੇਤਰ ਅਤੇ ਮਲਾਦਾ ਦੇ ਕੁਝ ਥਾਵਾਂ ‘ਤੇ ਪੂਰੀ ਤਰ੍ਹਾਂ ਲਾਕਡਾਊਨ ਲਗਾਉਣ ਦੀ ਮੰਗ ਕੀਤੀ। ਇਸ ਦੌਰਾਨ ਕਿਸੇ ਨੂੰ ਵੀ ਘਰ ਤੋਂ ਨਿਕਲਣ ਦੀ ਆਗਿਆ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।