India records over 3.60 lakh corona cases: ਭਾਰਤ ਵਿੱਚ ਜਾਰੀ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਹਰ ਦਿਨ ਦੇ ਨਾਲ ਤੇਜ਼ ਹੁੰਦੀ ਜਾ ਰਹੀ ਹੈ। ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਪਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ । ਇੱਕ ਪਾਸੇ ਕੋਰੋਨਾ ਦੀ ਵੱਧ ਰਹੀ ਰਫ਼ਤਾਰ ਹੈ ਤਾਂ ਉੱਥੇ ਹੀ ਦੂਜੇ ਪਾਸੇ ਹਸਪਤਾਲਾਂ ਦੀ ਸਥਿਤੀ, ਜੋ ਡਰਾਉਣੀ ਹੈ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੁੱਲ 3.60 ਲੱਖ ਕੋਰੋਨਾ ਕੇਸ ਦਰਜ ਕੀਤੇ ਗਏ, ਜਦਕਿ 3293 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸਦੇ ਨਾਲ ਹੀ ਭਾਰਤ ਵਿੱਚ ਕੁੱਲ ਮੌਤਾਂ ਦਾ ਅੰਕੜਾ ਵੀ ਦੋ ਲੱਖ ਨੂੰ ਪਾਰ ਕਰ ਗਿਆ ਹੈ।
ਦਰਅਸਲ, ਭਾਰਤ ਵਿੱਚ ਪਿਛਲੇ ਇੱਕ ਸਾਲ ਤੋਂ ਕੋਰੋਨਾ ਤਬਾਹੀ ਮਚਾ ਰਿਹਾ ਹੈ। ਪਰ ਪਿਛਲੇ ਦਿਨਾਂ ਵਿੱਚ ਜਦੋਂ ਤੋਂ ਦੂਜੀ ਲਹਿਰ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕੀਤਾ ਹੈ, ਇਹ ਬੇਕਾਬੂ ਹੋ ਗਿਆ ਹੈ। ਹੁਣ ਦੇਸ਼ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਧਿਕਾਰਤ ਤੌਰ ‘ਤੇ ਦੋ ਲੱਖ ਨੂੰ ਪਾਰ ਕਰ ਗਈ ਹੈ । ਵਿਸ਼ਵ ਵਿੱਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦੇ ਮਾਮਲੇ ਵਿੱਚ ਭਾਰਤ ਹੁਣ ਚੌਥੇ ਸਥਾਨ ’ਤੇ ਆ ਗਿਆ ਹੈ। ਸਭ ਤੋਂ ਵੱਧ ਮੌਤਾਂ ਅਮਰੀਕਾ, ਬ੍ਰਾਜ਼ੀਲ ਅਤੇ ਮੈਕਸੀਕੋ ਵਿੱਚ ਹੋਈਆਂ ਹਨ, ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ।
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਦੇਸ਼ ਦੇ ਹਰ ਰਾਜ ਤੋਂ ਹੀ ਚਿੰਤਾ ਪੈਦਾ ਕਰਨ ਵਾਲੀ ਖ਼ਬਰਾਂ ਆ ਰਹੀਆਂ ਹਨ, ਪਰ ਮਹਾਰਾਸ਼ਟਰ, ਯੂਪੀ ਅਤੇ ਦਿੱਲੀ ਦੀ ਸਥਿਤੀ ਸਭ ਤੋਂ ਭੈੜੀ ਹੈ । ਮਹਾਰਾਸ਼ਟਰ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ 60 ਹਜ਼ਾਰ ਤੋਂ ਅੱਗੇ ਆ ਰਹੀ ਹੈ, ਜਦੋਂਕਿ ਬੀਤੇ ਦਿਨ ਰਾਜ ਵਿੱਚ ਇੱਕ ਦਿਨ ਵਿੱਚ ਤਕਰੀਬਨ 900 ਮੌਤਾਂ ਦਰਜ ਕੀਤੀਆਂ ਗਈਆਂ ਹਨ । ਅਜਿਹਾ ਹੀ ਹਾਲ ਦਿੱਲੀ ਦਾ ਹੈ, ਜਿੱਥੇ ਹਰ ਰੋਜ਼ ਔਸਤਨ 25 ਹਜ਼ਾਰ ਕੇਸ ਆ ਰਹੇ ਹਨ, ਜਦੋਂ ਕਿ 350 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ । ਦਿੱਲੀ ਦੀ ਸਥਿਤੀ ਵੀ ਡਰਾਉਣੀ ਹੈ ਕਿਉਂਕਿ ਇੱਥੇ ਸਰਗਰਮ ਮਾਮਲਿਆਂ ਦੀ ਗਿਣਤੀ ਇੱਕ ਲੱਖ ਨੂੰ ਛੂਹਣ ਵਾਲੀ ਹੈ।