India reports 1.52 lakh Covid cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ । ਹਰ ਰੋਜ਼ ਵੱਡੀ ਗਿਣਤੀ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਲੋਕਾਂ ਦੀ ਮੌਤ ਦੀ ਗਿਣਤੀ ਵੀ ਵੱਧ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 1,52,879 ਮਾਮਲੇ ਸਾਹਮਣੇ ਆਏ ਹਨ । ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 839 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਇਸ ਦੌਰਾਨ 90,584 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਸਦੇ ਨਾਲ ਹੀ ਐਤਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1,33,58,805 ਹੋ ਗਈ ਹੈ, ਜਦਕਿ ਕੁੱਲ ਮੌਤਾਂ ਦਾ ਅੰਕੜਾ 1,69,275 ਹੋ ਗਿਆ ਹੈ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 11,08,087 ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਕੇਸਾਂ ਦੀ ਕੁੱਲ ਗਿਣਤੀ 1,20,81,443 ਹੈ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਐਤਵਾਰ ਨੂੰ ਦੱਸਿਆ ਹੈ ਕਿ 10 ਅਪ੍ਰੈਲ ਤੱਕ ਦੇਸ਼ ਵਿੱਚ 25.66 ਕਰੋੜ ਤੋਂ ਵੱਧ ਕੋਰੋਨਾ ਵਾਇਰਸ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ।
ਦੇਸ਼ ਵਿੱਚ ਮਹਾਰਾਸ਼ਟਰ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ ਸੰਕਰਮਣ ਦੇ 55 ਹਜ਼ਾਰ 411 ਨਵੇਂ ਕੇਸ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਹੁਣ ਕੁੱਲ ਮਾਮਲੇ ਵੱਧ ਕੇ 33 ਲੱਖ 43 ਹਜ਼ਾਰ 951 ਹੋ ਗਏ ਹਨ । ਇਸ ਸਮੇਂ ਦੌਰਾਨ ਰਾਜ ਵਿੱਚ 309 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।ਜਿਸ ਤੋਂ ਬਾਅਦ ਰਾਜ ਵਿੱਚ ਮ੍ਰਿਤਕਾਂ ਦੀ ਗਿਣਤੀ 57 ਹਜ਼ਾਰ 638 ਤੱਕ ਪਹੁੰਚ ਗਈ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.27 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਰੇਟ 91 ਪ੍ਰਤੀਸ਼ਤ ਹੈ। ਐਕਟਿਵ ਕੇਸ ਵੱਧ ਕੇ ਲਗਭਗ 8 ਪ੍ਰਤੀਸ਼ਤ ਹੋ ਗਏ ਹਨ । ਕੋਰੋਨਾ ਐਕਟਿਵ ਕੇਸਾਂ ਵਿੱਚ ਭਾਰਤ ਦੁਨੀਆ ਵਿੱਚ ਚੌਥੇ ਨੰਬਰ ਉੱਤੇ ਹੈ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ