ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਰੁਕਦੀ ਹੋਈ ਦਿਖਾਈ ਦੇ ਰਹੀ ਹੈ। ਹਰ ਦਿਨ ਕੋਰੋਨਾ ਦੇ ਘਟਦੇ ਕੇਸ ਇਸ ਗੱਲ ਦੇ ਗਵਾਹ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਸੰਕਰਮਣ ਹੁਣ ਕਮਜ਼ੋਰ ਹੋ ਰਿਹਾ ਹੈ। ਹਾਲਾਂਕਿ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਚਿੰਤਾ ਵਧਾਉਣ ਵਾਲੀ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 1 ਲੱਖ 73 ਹਜ਼ਾਰ 790 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਇਸ ਦੌਰਾਨ 3617 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 2 ਕਰੋੜ 77 ਲੱਖ 29 ਹਜ਼ਾਰ 247 ਹੋ ਗਈ ਹੈ ।
ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 22 ਲੱਖ 28 ਹਜ਼ਾਰ 734 ਸਰਗਰਮ ਕੇਸ ਹਨ, ਜਦੋਂ ਕਿ 2 ਕਰੋੜ 51 ਲੱਖ 78 ਹਜ਼ਾਰ 11 ਲੋਕ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਹੁਣ ਤੱਕ ਕੋਰੋਨਾ ਤੋਂ 3 ਲੱਖ 22 ਹਜ਼ਾਰ 512 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਦੱਸ ਦੇਈਏ ਕਿ ਇਸ ਦੌਰਾਨ ਮਹਾਰਾਸ਼ਟਰ ਵਿੱਚ ਕੋਰੋਨਾ ਤੋਂ ਕਾਫ਼ੀ ਰਾਹਤ ਮਿਲੀ ਹੈ । ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ 20,740 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 56,92,920 ਹੋ ਗਏ, ਜਦੋਂ ਕਿ ਰਾਜ ਵਿੱਚ 424 ਮਰੀਜ਼ਾਂ ਦੀ ਮੌਤ ਨਾਲ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 93,198 ਹੋ ਗਈ ।