India Reports 15413 new cases: ਨਵੀਂ ਦਿੱਲੀ. ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਨੂੰ ਕੋਰੋਨਾ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। 24 ਘੰਟਿਆਂ ਵਿੱਚ ਦੇਸ਼ ਭਰ ਤੋਂ ਕੋਵਿਡ-19 ਦੇ 15 ਹਜ਼ਾਰ 413 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਮਾਮਲਿਆਂ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 306 ਲੋਕਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 4 ਲੱਖ 10 ਹਜ਼ਾਰ 461 ਹੋ ਗਈ ਹੈ । ਸਿਰਫ 8 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ 3 ਤੋਂ 4 ਲੱਖ ਹੋ ਗਏ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਇੱਕ ਲੱਖ 69 ਹਜ਼ਾਰ 451 ਸਰਗਰਮ ਮਾਮਲੇ ਹਨ । ਕੋਰੋਨਾ ਤੋਂ ਹੁਣ ਤੱਕ 13 ਹਜ਼ਾਰ 254 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਰਾਹਤ ਦੀ ਗੱਲ ਹੈ ਕਿ ਹੁਣ ਤੱਕ 2 ਲੱਖ 27 ਹਜ਼ਾਰ 755 ਵਿਅਕਤੀ ਵੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਜਿੱਥੇ ਸੰਕਰਮਿਤ 4 ਲੱਖ ਵਿੱਚੋਂ 31.03% ਮਰੀਜ਼ ਸਿਰਫ ਮਹਾਰਾਸ਼ਟਰ ਦੇ ਹਨ । ਤਾਮਿਲਨਾਡੂ ਵਿੱਚ 14.19%, ਦਿੱਲੀ ਵਿੱਚ 13.26%, ਗੁਜਰਾਤ ਵਿੱਚ 6.54% ਸੰਕਰਮਿਤ ਹਨ । ਮੇਘਾਲਿਆ ਵਿੱਚ ਸਭ ਤੋਂ ਘੱਟ ਕੋਰੋਨਾ ਸਕਾਰਾਤਮਕ ਮਰੀਜ਼ ਹਨ। ਇੱਥੇ ਹੁਣ ਤੱਕ ਸਿਰਫ 43 ਵਿਅਕਤੀ ਸੰਕਰਮਿਤ ਪਾਏ ਗਏ ਹਨ।
ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਵਾਰ ਫਿਰ ਦਿੱਲੀ ਵਿੱਚ ਰਿਕਾਰਡ 3630 ਕੋਰੋਨਾ ਵਾਇਰਸ ਨਾਲ ਪੀੜਤ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਧੇ ਨਾਲ ਦਿੱਲੀ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 56746 ਹੋ ਗਈ ਹੈ । ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 77 ਮਰੀਜ਼ਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਵਿੱਚ ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਹੁਣ 2112 ਤੱਕ ਪਹੁੰਚ ਗਈ ਹੈ।