India reports 3.79 lakh cases: ਕੋਰੋਨਾ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਰ ਦਿਨ ਕੋਰੋਨਾ ਦੇ ਨਵੇਂ ਮਰੀਜ਼ ਰਿਕਾਰਡ ਤੋੜ ਰਹੇ ਹਨ। ਸਥਿਤੀ ਇਹ ਹੈ ਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ ਅਤੇ ਮਰੀਜ਼ ਇੱਕ-ਇੱਕ ਬੈੱਡ ਦੀ ਉਡੀਕ ਵਿੱਚ ਦਮ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਬੁੱਧਵਾਰ ਨੂੰ ਇੱਕ ਵਾਰ ਫਿਰ ਦੇਸ਼ ਭਰ ਵਿੱਚ ਰਿਕਾਰਡ 3 ਲੱਖ 79 ਹਜ਼ਾਰ 257 ਨਵੇਂ ਕੋਰੋਨਾ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ । ਬੀਤੇ ਦਿਨ 3 ਹਜ਼ਾਰ 645 ਲੋਕਾਂ ਦੀ ਮੌਤ ਹੋ ਗਈ । ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ ਦੇ ਵਿਚਾਲੇ ਦੇਸ਼ ਵਿੱਚ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਾਰਡ 2 ਲੱਖ 69 ਹਜ਼ਾਰ 507 ਮਰੀਜ਼ ਠੀਕ ਹੋਏ ਹਨ।
ਸਿਹਤ ਮੰਤਰਾਲੇ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 83 ਲੱਖ 76 ਹਜ਼ਾਰ 524 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ । ਹੁਣ ਤੱਕ 1 ਕਰੋੜ 50 ਲੱਖ 86 ਹਜ਼ਾਰ 878 ਵਿਅਕਤੀ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਤੋਂ ਹੁਣ ਤੱਕ 2 ਲੱਖ 04 ਹਜ਼ਾਰ 832 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਸਮੇਂ 30 ਲੱਖ 84 ਹਜ਼ਾਰ 814 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।
ਦੇਸ਼ ਵਿੱਚ ਕੋਰੋਨਾ ਦਾ ਆਤੰਕ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ, ਇਸਦੀ ਗਵਾਹੀ ਅੰਕੜੇ ਦੇ ਰਹੇ ਹਨ। ਪਿਛਲੇ ਲਗਭਗ 10 ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹਨ । ਉੱਥੇ ਹੀ ਹੁਣ ਮੌਤਾਂ ਦੀ ਗਿਣਤੀ ਵੀ ਤਿੰਨ ਹਜ਼ਾਰ ਨੂੰ ਪਾਰ ਕਰ ਰਹੀ ਹੈ, ਲਗਾਤਾਰ ਤੀਜੇ ਦਿਨ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ । ਹੁਣ ਭਾਰਤ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਵੀ 30 ਲੱਖ ਨੂੰ ਪਾਰ ਕਰ ਗਈ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਬਹੁਤ ਸਾਰੇ ਰਾਜਾਂ ਵਿੱਚ ਕੋਰੋਨਾ ਕਾਰਨ ਸਥਿਤੀ ਭਿਆਨਕ ਦਿਖਾਈ ਦੇ ਰਹੀ ਹੈ, ਜਿਸਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਪਿਛਲੇ ਦਿਨੀਂ, ਮਹਾਰਾਸ਼ਟਰ ਵਿੱਚ 60 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਲਗਭਗ 1000 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਇੱਕ ਰਿਕਾਰਡ ਹੈ । ਉੱਥੇ ਹੀ ਦੂਜੇ ਪਾਸੇ ਜੇ ਅਸੀਂ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹਰ ਰੋਜ਼ 350 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜਦਕਿ ਸਕਾਰਾਤਮਕ ਦਰ ਵੀ 30 ਪ੍ਰਤੀਸ਼ਤ ਤੋਂ ਉਪਰ ਹੈ।