India reports 3.82 lakh new corona cases: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਆਤੰਕ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵੱਧ ਗਏ ਹਨ । ਭਾਰਤ ਵਿੱਚ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 3 ਲੱਖ 80 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 3700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3780 ਮਰੀਜ਼ਾਂ ਦੀ ਮੌਤ ਹੋ ਗਈ ਹੈ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 34,87,229 ਹੋ ਗਈ ਹੈ।
ਇਸ ਤੋਂ ਇਲਾਵਾ ਇਸ ਦੌਰਾਨ, 3,38,439 ਮਰੀਜ਼ ਠੀਕ ਵੀ ਹੋਏ ਹਨ। ਜਿਸ ਤੋਂ ਬਾਅਦ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 1,69,51,731 ਹੋ ਗਈ ਹੈ। ਇਸ ਦੇ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,26,188 ਹੋ ਗਈ ਹੈ । ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ਼ ਵਿੱਚ ਸਰਗਰਮ ਮਾਮਲੇ 17.00%, ਡਿਸਚਾਰਜ 81.91% ਅਤੇ ਮ੍ਰਿਤਕਾਂ ਦੇ ਕੇਸ 1.10% ਹਨ । ਇਸਦੇ ਨਾਲ ਹੀ ਦੱਸਿਆ ਗਿਆ ਕਿ ਮੰਗਲਵਾਰ ਨੂੰ ਦੇਸ਼ ਵਿੱਚ 14,84,989 ਲੋਕਾਂ ਨੂੰ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਟੀਕੇ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 16,04,94,188 ਹੋ ਗਈ । ਇਸ ਦੇ ਨਾਲ ਹੀ ICMR ਨੇ ਦੱਸਿਆ ਕਿ ਮੰਗਲਵਾਰ ਨੂੰ 15,41,299 ਲੋਕਾਂ ਦੀ ਜਾਂਚ ਕੀਤੀ ਗਈ।
ਦੱਸ ਦੇਈਏ ਕਿ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 51,880 ਨਵੇਂ ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ ਵਧ ਕੇ 48,22,902 ਹੋ ਗਈ। ਸਿਹਤ ਵਿਭਾਗ ਦੇ ਅਨੁਸਾਰ ਇਸੇ ਮਿਆਦ ਵਿੱਚ ਕੋਰੋਨਾ ਕਾਰਨ 891 ਮਰੀਜ਼ਾਂ ਦੀ ਮੌਤ ਦੇ ਨਾਲ, ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71,742 ਹੋ ਗਈ।