India Reports 48661 fresh cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਹਰ ਦਿਨ ਰਿਕਾਰਡ ਬਣਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 48 ਹਜ਼ਾਰ 661 ਨਵੇਂ ਕੇਸ ਸਾਹਮਣੇ ਆਏ ਹਨ ਅਤੇ 705 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 13 ਲੱਖ 85 ਹਜ਼ਾਰ 522 ਹੋ ਗਈ ਹੈ । ਕੋਰੋਨਾ ਕਾਰਨ ਹੁਣ ਤੱਕ 32 ਹਜ਼ਾਰ 063 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 4 ਲੱਖ 67 ਹਜ਼ਾਰ 882 ਹੈ । ਰਾਹਤ ਦੀ ਗੱਲ ਹੈ ਕਿ ਹੁਣ ਤੱਕ 8 ਲੱਖ 85 ਹਜ਼ਾਰ 577 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ 16 ਜੁਲਾਈ ਤੋਂ ਹਰ ਦਿਨ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । 16 ਜੁਲਾਈ ਨੂੰ 32 ਹਜ਼ਾਰ 695, 17 ਜੁਲਾਈ ਨੂੰ 34 ਹਜ਼ਾਰ 956, 18 ਜੁਲਾਈ ਨੂੰ 34 ਹਜ਼ਾਰ 884, 19 ਜੁਲਾਈ ਨੂੰ 38 ਹਜ਼ਾਰ 902, 20 ਜੁਲਾਈ ਨੂੰ 40 ਹਜ਼ਾਰ 425, 21 ਜੁਲਾਈ ਨੂੰ 37 ਹਜ਼ਾਰ 148 ਅਤੇ 22 ਜੁਲਾਈ ਨੂੰ 37 ਹਜ਼ਾਰ 724 ਕੇਸ ਦਰਜ ਹੋਏ ਸਨ । ICMR ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 4,42,263 ਟੈਸਟ ਕੀਤੇ ਗਏ ਸਨ । ਇਸਦੇ ਨਾਲ ਦੇਸ਼ ਵਿੱਚ ਕੋਰੋਨਾ ਦੀ ਟੈਸਟਿੰਗ ਦਾ ਅੰਕੜਾ 1,62,91,331 ਤੱਕ ਪਹੁੰਚ ਗਿਆ ਹੈ।
ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਰਾਜ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ 66 ਹਜ਼ਾਰ ਤੋਂ ਵੱਧ ਹਨ, ਜਦਕਿ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 13389 ਹੋ ਗਈ ਹੈ । ਉੱਥੇ ਹੀ 2,07,194 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ 24 ਘੰਟਿਆਂ ‘ਚ ਇੱਥੇ 9251 ਮਾਮਲੇ ਸਾਹਮਣੇ ਆਏ ਹਨ, ਜਦਕਿ 257 ਲੋਕਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਕੋਵਿਡ -19 ਦੇ 1,142 ਨਵੇਂ ਕੇਸਾਂ ਦੇ ਨਾਲ ਸੂਬੇ ਵਿੱਚ ਹੁਣ ਤੱਕ 1.29 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ 3,806 ਲੋਕਾਂ ਦੀ ਮੌਤ ਹੋ ਚੁੱਕੀ ਹੈ।