India reports biggest single-day spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਵਧਦੀ ਹੀ ਜਾ ਰਹੀ ਹੈ। ਜਿਸ ਕਾਰਨ ਹੁਣ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 7 ਲੱਖ 67 ਹਜ਼ਾਰ 296 ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 24879 ਨਵੇਂ ਕੇਸ ਸਾਹਮਣੇ ਆਏ ਹਨ ਅਤੇ 487 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲੇ 2 ਲੱਖ 69 ਹਜ਼ਾਰ 789 ਹਨ । ਇਸ ਵਾਇਰਸ ਕਾਰਨ ਹੁਣ ਤੱਕ 21 ਹਜ਼ਾਰ 129 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਹੁਣ ਤੱਕ 4 ਲੱਖ 76 ਹਜ਼ਾਰ 377 ਮਰੀਜ਼ ਠੀਕ ਹੋ ਚੁੱਕੇ ਹਨ।
ਕੋਰੋਨਾ ਮਰੀਜ਼ਾਂ ਦੀ ਗਿਣਤੀ ਅਨੁਸਾਰ ਭਾਰਤ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਅਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (3,158,726), ਬ੍ਰਾਜ਼ੀਲ (1,716,196) ਵਿੱਚ ਹਨ । ਦੇਸ਼ ਵਿੱਚ ਕੋਰੋਨਾ ਮਾਮਲਿਆਂ ਵਿੱਚ ਵਾਧੇ ਦੀ ਰਫਤਾਰ ਵੀ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ।
ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਵੀਰਵਾਰ ਨੂੰ 2.67 ਲੱਖ ਟੈਸਟ ਕੀਤੇ ਗਏ ਜੋ ਕਿ ਬੁੱਧਵਾਰ ਨੂੰ ਹੋਏ ਟੈਸਟ ਨਾਲੋਂ 4,300 ਵੱਧ ਹਨ । ਇਸਦੇ ਨਾਲ ਦੇਸ਼ ਵਿੱਚ ਸਰਗਰਮ ਕੇਸ ਅਤੇ ਡਿਸਚਾਰਜ ਕੇਸ ਵਿੱਚ 2,06,588 ਦਾ ਅੰਤਰ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਮਹਾਂਰਾਸ਼ਟਰ ਪ੍ਰਭਾਵਿਤ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ 6,603 ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ 2,23,724 ‘ਤੇ ਪਹੁੰਚ ਗਿਆ ਹੈ ਅਤੇ 198 ਲੋਕਾਂ ਦੀ ਮੌਤ ਹੋਈ ਹੈ । ਜਿਸ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਮੌਤਾਂ ਦਾ ਅੰਕੜਾ ਵੱਧ ਕੇ 9,448 ਹੋ ਗਿਆ ਹੈ । ਵਾਇਰਸ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ, ਜਿੱਥੇ ਪੀੜਤਾਂ ਦੀ ਗਿਣਤੀ 1,22,350 ‘ਤੇ ਪਹੁੰਚ ਗਈ ਹੈ। ਇਸ ਸਮੇਂ ਦੌਰਾਨ 64 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1700 ਹੋ ਗਈ ਹੈ । ਇਸ ਤੋਂ ਇਲਾਵਾ ਦਿੱਲੀ ਵਿੱਚ ਇਸ ਵੇਲੇ 25,000 ਤੋਂ ਘੱਟ ਸਰਗਰਮ ਮਾਮਲੇ ਹਨ। ਇੱਥੇ ਰਿਕਵਰੀ ਦੀ ਦਰ 74.6 ਪ੍ਰਤੀਸ਼ਤ ਹੈ। ਇਸਦੇ ਨਾਲ ਇੱਥੇ ਪਿਛਲੇ 24 ਘੰਟਿਆਂ ਵਿੱਚ 2,033 ਨਵੇਂ ਕੇਸ ਸਾਹਮਣੇ ਆਏ, ਜਦਕਿ 3982 ਲੋਕਾਂ ਨੂੰ ਛੁੱਟੀ ਦਿੱਤੀ ਗਈ ।