India reports over 3.14 lakh new cases: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਬੇਕਾਬੂ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਰਿਕਾਰਡ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3.14 ਲੱਖ ਤੋਂ ਵੱਧ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲਗਾਤਾਰ ਦੂਜੇ ਦਿਨ ਮਰਨ ਵਾਲਿਆਂ ਦਾ ਅੰਕੜਾ ਵੱਧ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਕੋਰੋਨਾ ਮਹਾਂਮਾਰੀ ਕਾਰਨ 2100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਡਰਾਉਣੀ ਦਿਨੋਂ-ਦਿਨ ਡਰਾਵਣੀ ਹੁੰਦੀ ਜਾ ਰਹੀ ਹੈ।
ਭਾਰਤ ਵਿੱਚ ਵੱਧ ਰਹੇ ਸਕਾਰਾਤਮਕ ਮਾਮਲਿਆਂ ਦੇ ਮੁਕਾਬਲੇ ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਰਾਸ਼ਟਰੀ ਪੱਧਰ ‘ਤੇ ਠੀਕ ਹੋਣ ਦੀ ਦਰ ਘੱਟ ਕੇ 85.01 ਪ੍ਰਤੀਸ਼ਤ ਪਹੁੰਚ ਗਈ ਹੈ । ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 3,14,835 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2104 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
ਦਿੱਲੀ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦੇ 24,638 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 9,30,179 ਹੋ ਗਈ । ਉੱਥੇ ਹੀ 249 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 12,887 ਹੋ ਗਈ ਹੈ। ਰਾਜਧਾਨੀ ਵਿੱਚ ਲਾਗ ਦੀ ਦਰ 31.28 ਪ੍ਰਤੀਸ਼ਤ ਹੈ, ਜਿਸਦਾ ਮਤਲਬ ਹੈ ਕਿ ਹਰ ਤੀਜੇ ਨਮੂਨੇ ਵਿੱਚ ਲਾਗ ਦੀ ਪੁਸ਼ਟੀ ਹੁੰਦੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 67,468 ਨਵੇਂ ਕੇਸ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 40,27,827 ਹੋ ਗਈ, ਜਦਕਿ ਇਸ ਦੌਰਾਨ 568 ਮਰੀਜ਼ਾਂ ਦੀ ਮੌਤ ਹੋ ਗਈ।