India reports over 53000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਗ੍ਰਾਫ ਲਗਾਤਾਰ ਰਿਕਾਰਡ ਬਣਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ ਦੇ ਪਾਰ ਪਹੁੰਚ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 53 ਹਜ਼ਾਰ 601 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 871 ਲੋਕਾਂ ਦੀ ਮੌਤ ਹੋ ਗਈ । ਸਿਹਤ ਮੰਤਰਾਲੇ ਵੱਲੋਂ ਦਿੱਤੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22 ਲੱਖ 68 ਹਜ਼ਾਰ 676 ਹੋ ਗਈ ਹੈ । ਇਨ੍ਹਾਂ ਵਿਚੋਂ 6 ਲੱਖ 39 ਹਜ਼ਾਰ 929 ਸਰਗਰਮ ਕੇਸ ਹਨ । ਹੁਣ ਤੱਕ ਕੋਰੋਨਾ ਤੋਂ 45 ਹਜ਼ਾਰ 257 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਇਸ ਮਹਾਂਮਾਰੀ ਤੋਂ 15 ਲੱਖ 83 ਹਜ਼ਾਰ 490 ਵਿਅਕਤੀ ਠੀਕ ਵੀ ਹੋਏ ਹਨ।
ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਇੱਕ ਚੰਗੀ ਖ਼ਬਰ ਇਹ ਹੈ ਕਿ ਹੁਣ ਟੈਸਟਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਆਈਸੀਐਮਆਰ ਦੇ ਅੰਕੜਿਆਂ ਅਨੁਸਾਰ 10 ਅਗਸਤ ਨੂੰ 6,98,290 ਲੋਕਾਂ ਦਾ ਟੈਸਟ ਕੀਤਾ ਗਿਆ ਸੀ । ਉੱਥੇ ਹੀ ਹੁਣ ਤੱਕ ਕੁੱਲ 2,52,81,848 ਲੋਕਾਂ ਦਾ ਟੈਸਟ ਕੀਤਾ ਗਿਆ ਹੈ।
ਮਹਾਂਰਾਸ਼ਟਰ ਵਿੱਚ ਕੋਵਿਡ -19 ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ ਇੱਥੇ 9181 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 293 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਰਾਜ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18,050 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦਾ ਅੰਕੜਾ 3,58,421 ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 707 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 20 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਦਿੱਲੀ ਵਿੱਚ ਮੌਤਾਂ ਦਾ ਅੰਕੜਾ 4131 ਹੋ ਗਿਆ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਵਿੱਚ ਪੀੜਤਾਂ ਦੀ ਕੁੱਲ ਗਿਣਤੀ 1,46,134 ਹੋ ਗਈ ਹੈ। ਰਾਹਤ ਦੀ ਗੱਲ ਹੈ ਕਿ ਇੱਥੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 89.8 ਫ਼ੀਸਦੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਲਾਗ ਦੀ ਸੰਖਿਆ ਅਨੁਸਾਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਭਾਰਤ ਹੈ। ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਅਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ , ਬ੍ਰਾਜ਼ੀਲ ਵਿੱਚ ਹਨ । ਦੇਸ਼ ਵਿਚ ਕੋਰੋਨਾ ਮਾਮਲਿਆਂ ਵਿਚ ਵਾਧੇ ਦੀ ਰਫਤਾਰ ਵੀ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ।