India reports spike 22752 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 22 ਹਜ਼ਾਰ 752 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 482 ਮਰੀਜ਼ਾਂ ਦੀ ਮੌਤ ਹੋ ਗਈ ਹੈ । ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ ਦੇ 2 ਲੱਖ 64 ਹਜ਼ਾਰ 944 ਸਰਗਰਮ ਮਾਮਲੇ ਹਨ। ਇਸ ਮਹਾਂਮਾਰੀ ਕਾਰਨ ਹੁਣ ਤੱਕ 20 ਹਜ਼ਾਰ 642 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ 4 ਲੱਖ 56 ਹਜ਼ਾਰ 830 ਲੋਕ ਠੀਕ ਹੋ ਚੁੱਕੇ ਹਨ ।
ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਰਾਜ ਵਿੱਚ ਕੋਰੋਨਾ ਦੇ 5134 ਨਵੇਂ ਮਾਮਲੇ ਸਾਹਮਣੇ ਆਏ ਹਨ । ਸਿਹਤ ਵਿਭਾਗ ਅਨੁਸਾਰ ਇੱਥੇ ਹੁਣ ਤੱਕ 9 ਹਜ਼ਾਰ 250 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਵਿਚੋਂ 5002 ਲੋਕ ਮੁੰਬਈ ਦੇ ਹਨ ।
ਇਸ ਦੇ ਨਾਲ ਹੀ ਦੂਸਰੇ ਸਭ ਤੋਂ ਪ੍ਰਭਾਵਤ ਰਾਜ ਤਾਮਿਲਨਾਡੂ ਵਿੱਚ ਕੋਰੋਨਾ ਤੋਂ 3616 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰਾਜ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਲੱਖ 18 ਹਜ਼ਾਰ 595 ਹੋ ਗਈ ਹੈ । ਰਾਜ ਵਿੱਚ ਕੁੱਲ 45,839 ਕਿਰਿਆਸ਼ੀਲ ਕੇਸ ਹਨ । ਅੱਜ ਤਾਮਿਲਨਾਡੂ ਵਿੱਚ ਕੋਰੋਨਾ ਕਾਰਨ 65 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1636 ਹੋ ਗਈ ਹੈ ।
ਉੱਥੇ ਹੀ ਦੂਜੇ ਪਾਸੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਇੱਥੇ ਪਿਛਲੇ 24 ਘੰਟਿਆਂ ਦੌਰਾਨ 2008 ਨਵੇਂ ਮਾਮਲੇ ਸਾਹਮਣੇ ਆਏ ਹਨ ਤਾਂ ਇਸ ਦੌਰਾਨ 50 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1,02,831 ਹੋ ਗਈ ਹੈ। ਇਸ ਤੋਂ ਇਲਾਵਾ ਇਸ ਕੋਰੋਨਾ ਵਾਇਰਸ ਮਹਾਮਾਰੀ ਕਾਰਨ 3165 ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਕੋਰੋਨਾ ਮਾਮਲਿਆਂ ਵਿੱਚ ਗੁਜਰਾਤ ਚੌਥੇ ਨੰਬਰ ਤੇ ਅਤੇ ਪੱਛਮੀ ਬੰਗਾਲ ਪੰਜਵੇਂ ਨੰਬਰ ‘ਤੇ ਹੈ ।