India sees spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਾਢੇ ਪੰਜ ਲੱਖ ਦੇ ਨੇੜੇ ਪਹੁੰਚ ਗਈ ਹੈ। ਸੋਮਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 5 ਲੱਖ 48 ਹਜ਼ਾਰ 318 ਹੈ, ਜਿਸ ਵਿੱਚੋਂ 16 ਹਜ਼ਾਰ 475 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਰਾਹਤ ਦੀ ਇਹ ਹੈ ਕਿ ਹੁਣ ਤੱਕ 3 ਲੱਖ 21 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ ਸਰਗਰਮ ਮਾਮਲਿਆਂ ਦੀ ਗਿਣਤੀ 2 ਲੱਖ 10 ਹਜ਼ਾਰ ਹੈ।
ਦਰਅਸਲ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 19 ਹਜ਼ਾਰ 459 ਨਵੇਂ ਕੇਸ ਸਾਹਮਣੇ ਆਏ ਹਨ ਅਤੇ 380 ਲੋਕਾਂ ਦੀ ਮੌਤ ਹੋ ਗਈ ਹੈ । ਆਈਸੀਐਮਆਰ ਦੇ ਅਨੁਸਾਰ 28 ਜੂਨ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਸੰਖਿਆ 83 ਲੱਖ 98 ਹਜ਼ਾਰ 362 ਹੈ, ਜਿਨ੍ਹਾਂ ਵਿਚੋਂ 1 ਲੱਖ 70 ਹਜ਼ਾਰ 560 ਨਮੂਨਿਆਂ ਦਾ 28 ਜੂਨ ਨੂੰ ਟੈਸਟ ਕੀਤਾ ਗਿਆ ਸੀ।
ਦੇਸ਼ ਵਿੱਚ ਮਹਾਂਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਮਹਾਂਰਾਸ਼ਟਰ ਵਿੱਚ ਕੋਰੋਨਾ ਦੇ ਅੰਕੜੇ ਦਰਸਾ ਰਹੇ ਹਨ ਕਿ ਰਾਜ ਵਿੱਚ ਸਥਿਤੀ ਅਜੇ ਵੀ ਨਾਜ਼ੁਕ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਂਰਾਸ਼ਟਰ ਵਿੱਚ ਕੋਰੋਨਾ ਦੇ 5493 ਨਵੇਂ ਕੇਸ ਸਾਹਮਣੇ ਆਏ ਹਨ ਅਤੇ 156 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਜਿਸ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 7429 ਹੋ ਗਈ ਹੈ। ਇਸ ਤੋਂ ਇਲਾਵਾ ਰਾਜ ਵਿਚ ਕੋਇਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 64 ਹਜ਼ਾਰ 626 ਹੋ ਗਈ ਹੈ, ਜਿਨ੍ਹਾਂ ਵਿਚੋਂ 70 ਹਜ਼ਾਰ 607 ਕੇਸ ਸਰਗਰਮ ਹਨ ।
ਉਥੇ ਹੀ ਦੂਜੇ ਪਾਸੇ ਮਹਾਂਰਾਸ਼ਟਰ ਤੋਂ ਬਾਅਦ ਦਿੱਲੀ ਵਿਚ ਵੀ ਕੋਰੋਨਾ ਤਬਾਹੀ ਮਚਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 2889 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 65 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 24 ਘੰਟਿਆਂ ਵਿੱਚ 3306 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਦਿੱਲੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 27 ਹਜ਼ਾਰ ਤੋਂ ਵੱਧ ਹੈ।