ਰੇਲ ਟਿਕਟਾਂ ਦੀ ਆਨਲਾਈਨ ਬੁਕਿੰਗ ਕਰਨ ਵਾਲਿਆਂ ਨੂੰ ਅੱਜ-ਕੱਲ੍ਹ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ IRCTC ਦੀ ਵੈੱਬਸਾਈਟ ਡਾਊਨ ਹੈ ਅਤੇ ਇਸ ਕਾਰਨ ਕੋਈ ਲੈਣ-ਦੇਣ ਨਹੀਂ ਹੋ ਰਿਹਾ ਹੈ। ਲੱਖਾਂ ਲੋਕ IRCTC ਦੀ ਵੈੱਬਸਾਈਟ ਰਾਹੀਂ ਟਿਕਟਾਂ ਬੁੱਕ ਕਰਦੇ ਹਨ।
ਸਵੇਰੇ ਵੈੱਬਸਾਈਟ ਖੋਲ੍ਹਣ ‘ਤੇ ‘ਡਾਊਨਟਾਈਮ ਮੈਸੇਜ’ ਦਿਖਾਇਆ ਜਾ ਰਿਹਾ ਸੀ। IRCTC ਨੇ ਟਵੀਟ ਕਰਕੇ ਤਕਨੀਕੀ ਸਮੱਸਿਆ ਦੀ ਜਾਣਕਾਰੀ ਦਿੱਤੀ ਹੈ। IRCTC ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, “ਤਕਨੀਕੀ ਕਾਰਨਾਂ ਕਰਕੇ, ਟਿਕਟਿੰਗ ਸੇਵਾ ਫਿਲਹਾਲ ਉਪਲਬਧ ਨਹੀਂ ਹੈ। ਸਾਡੀ ਤਕਨੀਕੀ ਟੀਮ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਤਕਨੀਕੀ ਸਮੱਸਿਆ ਦਾ ਹੱਲ ਹੁੰਦੇ ਹੀ ਅਸੀਂ ਤੁਹਾਨੂੰ ਸੂਚਿਤ ਕਰਾਂਗੇ।” IRCTC ਦੀ ਵੈੱਬਸਾਈਟ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਡਾਊਨ ਹੈ। ਦੱਸ ਦੇਈਏ ਕਿ ਇੱਥੇ ਹਰ ਰੋਜ਼ ਟਿਕਟ ਬੁਕਿੰਗ ਵਿੰਡੋ ਸਵੇਰੇ 10 ਵਜੇ ਏਸੀ ਬਰਥ ਲਈ ਅਤੇ ਸਲੀਪਰ ਬਰਥ ਲਈ ਸਵੇਰੇ 11 ਵਜੇ ਖੁੱਲ੍ਹਦੀ ਹੈ। ਇਹ ਸਮਾਂ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਲੋਕ ਇਸ ਸਮੇਂ ਆਪਣੇ ਅਗਲੇ ਦਿਨ ਦੀ ਯਾਤਰਾ ਲਈ ਟਿਕਟਾਂ ਬੁੱਕ ਕਰ ਸਕਦੇ ਹਨ।
IRCTC ਨੇ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਕੰਪਨੀ ਨੇ ਸਿਰਫ਼ 27 ਟਿਕਟਾਂ ਹੀ ਬੁੱਕ ਕੀਤੀਆਂ ਸਨ। 21 ਮਾਰਚ 2022 ਨੂੰ ਰਿਕਾਰਡ 15.88 ਲੱਖ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਗਈਆਂ ਸਨ।