Kandahar hijacking case : ਯਸ਼ਵੰਤ ਸਿਨਹਾ ਜੋ ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਸਨ, ਅੱਜ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਅੱਜ, ਕੋਲਕਾਤਾ ਵਿੱਚ ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ, ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀਆ ਚੋਣਾਂ ਸਾਰੇ ਦੇਸ਼ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦੇਣਗੀਆਂ। ਸਿਨਹਾ ਨੇ ਕਿਹਾ ਕਿ ਜਿਵੇਂ ਮੈਂ ਕੁੱਝ ਸਮੇਂ ਤੋਂ ਕਹਿ ਰਿਹਾ ਹਾਂ, ਇਨ੍ਹਾਂ ਚੋਣਾਂ ਦੇ ਨਤੀਜਿਆਂ ਦੇ ਰਾਸ਼ਟਰੀ ਪ੍ਰਭਾਵ ਹੋਣਗੇ। ਉਨ੍ਹਾਂ ਕਿਹਾ ਕਿ ਇਹ ਚੋਣ ਭਾਜਪਾ ਵੱਲੋਂ ਸ਼ੁਰੂ ਕੀਤਾ ਗਿਆ ਅਸ਼ਵਮੇਧ ਯੱਗ ਹੈ, ਜਿਸ ਵਿੱਚ ਉਹ ਕਿਸੇ ਵੀ ਵਿਰੋਧ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ। ਬੰਗਾਲ ਵਿੱਚ ਇਸ ਨੂੰ ਰੋਕਣਾ ਪਏਗਾ।
ਤ੍ਰਿਣਮੂਲ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਯਸ਼ਵੰਤ ਸਿਨਹਾ ਨੇ ਕੰਧਾਰ ਅਗਵਾ ਕਾਂਡ ‘ਤੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ। ਕੰਧਾਰ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕੀਤਾ ਸੀ ਤਾਂ ਮੰਤਰੀ ਮੰਡਲ ਵਿੱਚ ਵਿਚਾਰ ਵਟਾਂਦਰੇ ਹੋਏ ਸੀ। ਇਸ ਸਮੇਂ ਦੌਰਾਨ ਮਮਤਾ ਬੈਨਰਜੀ ਨੇ ਖ਼ੁਦ ਕਿਹਾ ਸੀ ਕਿ ਉਸ ਨੂੰ ਬੰਧਕ ਬਣਾ ਕੇ ਅੱਤਵਾਦੀਆਂ ਕੋਲ ਭੇਜ ਦਿੱਤਾ ਜਾਵੇ, ਪਰ ਸ਼ਰਤ ਇਹ ਰਹੇਗੀ ਕਿ ਬਾਕੀ ਯਾਤਰੀਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਯਸ਼ਵੰਤ ਸਿਨਹਾ ਨੇ ਕਿਹਾ, “ਮਮਤਾ ਬੈਨਰਜੀ ਨੇ ਪੇਸ਼ਕਸ਼ ਕੀਤੀ ਕਿ ਉਹ ਖੁਦ ਬੰਧਕ ਬਣ ਕੇ ਉਥੇ ਚਲੇ ਜਾਣਗੇ… ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਬਾਕੀ ਬੰਧਕਾਂ ਨੂੰ ਅੱਤਵਾਦੀਆਂ ਦੁਆਰਾ ਰਿਹਾ ਕੀਤਾ ਜਾਵੇਗਾ। ਉਹ ਉਨ੍ਹਾਂ ਦੇ ਕਬਜ਼ੇ ਵਿੱਚ ਜਾਣਗੇ। ਉਹ ਦੇਸ਼ ਲਈ ਕੁਰਬਾਨੀ ਦੇਣਗੇ।”
ਤੁਹਾਨੂੰ ਦੱਸ ਦਈਏ ਕਿ 1999 ਵਿੱਚ ਜਦੋਂ ਇੰਡੀਅਨ ਏਅਰਲਾਇੰਸ ਦੇ ਜਹਾਜ਼ ਆਈ ਸੀ 814 ਨੂੰ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਅਗਵਾ ਕਰ ਲਿਆ ਗਿਆ ਸੀ, ਉਦੋਂ ਮਮਤਾ ਬੈਨਰਜੀ ਵਾਜਪਾਈ ਸਰਕਾਰ ਵਿੱਚ ਰੇਲ ਮੰਤਰੀ ਸਨ। ਬਾਅਦ ਵਿੱਚ ਵਾਜਪਾਈ ਸਰਕਾਰ ਨੂੰ ਬੰਧਕਾਂ ਦੀ ਰਿਹਾਈ ਦੇ ਬਦਲੇ ਵਿੱਚ ਮਸੂਦ ਅਜ਼ਹਰ ਸਣੇ ਤਿੰਨ ਖਤਰਨਾਕ ਅੱਤਵਾਦੀਆਂ ਨੂੰ ਛੱਡਣ ਲਈ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਜਹਾਜ਼ ਅਗਵਾ ਕਰਨ ਦਾ ਸੰਕਟ ਉਦੋਂ ਖਤਮ ਹੋਇਆ ਸੀ ਜਦੋਂ ਭਾਰਤ ਨੇ ਤਿੰਨ ਅੱਤਵਾਦੀ ਮੁਸ਼ਤਾਕ ਅਹਿਮਦ ਜਰਗਰ, ਅਹਿਮਦ ਉਮਰ ਸਈਦ ਸ਼ੇਖ ਅਤੇ ਮਸੂਦ ਅਜ਼ਹਰ ਨੂੰ ਰਿਹਾ ਕੀਤਾ ਸੀ। ਬਾਅਦ ਵਿੱਚ ਸ਼ੇਖ ਅਤੇ ਅਜ਼ਹਰ ਨੇ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਅਤੇ 2008 ਦੇ ਮੁੰਬਈ ਅੱਤਵਾਦੀ ਹਮਲੇ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।