Karnataka bjp ministers sex scandal : ਕਰਨਾਟਕ ਵਿੱਚ ਭਾਜਪਾ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਦਰਅਸਲ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਭਾਜਪਾ ਸਰਕਾਰ ਦੇ ਜਲ ਸਰੋਤ ਮੰਤਰੀ ਰਮੇਸ਼ ਜਾਰਕੀਹੋਲੀ ਕਥਿਤ ਤੌਰ ‘ਤੇ ਇੱਕ ਅਣਪਛਾਤੀ ਔਰਤ ਨਾਲ ਦਿਖਾਈ ਦਿੱਤੇ ਹਨ। ਦੋਵਾਂ ਵਿਚਾਲੇ ਹੋਈ ਗੱਲਬਾਤ ਵੀ ਸਾਹਮਣੇ ਆ ਗਈ ਹੈ। ਦਰਅਸਲ ਮੰਤਰੀ ‘ਤੇ ਸੈਕਸ ਸਕੈਂਡਲ ਦਾ ਦੋਸ਼ ਲਗਾਇਆ ਗਿਆ ਹੈ। ਇੱਕ ਸਮਾਜ ਸੇਵਕ ਨੇ ਦਾਅਵਾ ਕੀਤਾ ਹੈ ਕਿ ਉਹ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਆਗਿਆ ਤੋਂ ਬਾਅਦ ਇਸ ਮਾਮਲੇ ਵਿੱਚ ਸ਼ਿਕਾਇਤ ਦੇ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੜਕੀ ਨੂੰ ਸਰਕਾਰੀ ਨੌਕਰੀ ਦਾ ਦਿਲਾਸਾ ਦੇ ਕੇ ਉਸ ਨੂੰ ਜਾਲ ਵਿੱਚ ਫਸਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਸੀਡੀ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ, ਇਸ ਮਾਮਲੇ ਦੇ ਮੱਦੇਨਜ਼ਰ, ਮੁੱਖ ਮੰਤਰੀ ਬੀਐਸ ਯੇਦੁਰੱਪਾ ਨੇ ਜਲਦਬਾਜ਼ੀ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇੱਕ ਮੀਟਿੰਗ ਸੱਦੀ ਹੈ। ਜਲਦ ਹੀ ਪਾਰਟੀ ਦੋਸ਼ੀ ਮੰਤਰੀ ਦੇ ਸੰਬੰਧ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਦੌਰਾਨ ਮੰਤਰੀ ਦਾ ਮੋਬਾਈਲ ਬੰਦ ਹੈ ਅਤੇ ਉਹ ਬਾਹਰ ਵੀ ਦਿਖਾਈ ਨਹੀਂ ਦੇ ਰਹੇ। 60 ਸਾਲਾ ਜਾਰਕੀਹੋਲੀ ਇੱਕ ਮਜ਼ਬੂਤ ਰਾਜਨੀਤਿਕ ਹਸਤੀ ਹੈ। ਉਨ੍ਹਾਂ ਨੂੰ ਵੱਡੇ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ। ਇਸ ਘਟਨਾ ਨੂੰ ਲੈ ਕੇ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਯੂਥ ਕਾਂਗਰਸ ਦੇ ਵਰਕਰ ਇਸ ਖੁਲਾਸੇ ਤੋਂ ਬਾਅਦ ਕਾਫ਼ੀ ਹੰਗਾਮਾ ਕਰ ਰਹੇ ਹਨ।