Karnataka government’s major action: ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ‘ਚ ਰਾਜ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਰਾਜ ਦੇ ਲੱਗਭਗ 110 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦੁਕਾਨਾਂ ਨੇ ਬੁਖਾਰ ਅਤੇ ਜ਼ੁਕਾਮ ਦੀਆਂ ਦਵਾਈਆਂ ਲੈ ਜਾ ਰਹੇ ਲੋਕਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਸੀ। ਦਰਅਸਲ, ਰਾਜ ਸਰਕਾਰ ਦੁਆਰਾ ਇਹ ਆਦੇਸ਼ ਦਿੱਤਾ ਗਿਆ ਸੀ ਕਿ ਹਰੇਕ ਮੈਡੀਕਲ ਸਟੋਰ ਨੂੰ ਅਜਿਹੇ ਲੋਕਾਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਜੋ ਬੁਖਾਰ ਅਤੇ ਠੰਡ ਦੀ ਦਵਾਈ ਲੈ ਰਹੇ ਹਨ। ਤਾਂ ਕਿ ਜੇ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹੋਣ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਪਰ ਇਹ ਆਰੋਪ ਹੈ ਕਿ ਇਹਨਾਂ 100 ਤੋਂ ਵੱਧ ਸਟੋਰਾਂ ਨੇ ਅਜਿਹਾ ਨਹੀਂ ਕੀਤਾ।
ਜਿਨ੍ਹਾਂ 110 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚੋਂ 70 ਦੁਕਾਨਾਂ ਸਿਰਫ ਕਲਬਰਗੀ ਖੇਤਰ ‘ਚ ਹਨ। ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਤੀ ਹੁਣ ਬਹੁਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਕੁੱਲ ਸੰਖਿਆ 25 ਹਜਾਰ ਨੂੰ ਪਾਰ ਕਰ ਗਈ ਹੈ। ਪਿੱਛਲੇ ਕੁੱਝ ਦਿਨਾਂ ਤੋਂ ਇਥੇ ਹਰ ਰੋਜ਼ ਡੇਢ ਹਜ਼ਾਰ ਤੋਂ ਵੱਧ ਕੇਸ ਆ ਰਹੇ ਹਨ। ਰਾਜ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਚਾਰ ਸੌ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਿਰਫ ਬੰਗਲੌਰ ਵਿੱਚ ਹੀ ਦਸ ਹਜ਼ਾਰ ਤੋਂ ਵੱਧ ਕੇਸ ਦਰਜ ਹੋਏ ਹਨ। ਦੱਸ ਦੇਈਏ ਕਿ ਕਰਨਾਟਕ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਤੱਕ ਰਾਜ ‘ਚ ਤਕਰੀਬਨ 1.25 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਪਿੱਛਲੇ ਕੁੱਝ ਦਿਨਾਂ ਤੋਂ ਹਰ ਰੋਜ਼ ਪੰਦਰਾਂ ਹਜ਼ਾਰ ਟੈਸਟ ਲਏ ਜਾ ਰਹੇ ਹਨ ਅਤੇ ਜਲਦੀ ਹੀ 20 ਹਜ਼ਾਰ ਟੈਸਟ ਰੋਜ਼ਾਨਾ ਕੀਤੇ ਜਾਣਗੇ।