ਪੰਜਾਬ ਅਤੇ ਉਤਰਾਖੰਡ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੋਆ ਵਿੱਚ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ । ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ । ਇਸਦੇ ਨਾਲ ਹੀ ਕੇਜਰੀਵਾਲ ਨੇ ਪੁਰਾਣੇ ਸਾਰੇ ਬਿਜਲੀ ਬਿਲਾਂ ਨੂੰ ਮੁਆਫ ਕਰਨ ਦਾ ਵੀ ਵਾਅਦਾ ਕੀਤਾ ਹੈ।
ਦਰਅਸਲ, ਗੋਆ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਤਕ ਮੁਫਤ ਬਿਜਲੀ ਦਿੱਤੀ ਜਾਵੇਗੀ । ਬਿਜਲੀ ਦੇ ਪੁਰਾਣੇ ਸਾਰੇ ਬਿਲ ਮੁਆਫ ਕੀਤੇ ਜਾਣਗੇ ।
ਅਸੀਂ 24 ਘੰਟੇ ਬਿਜਲੀ ਦਿਆਂਗੇ । ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਦਿੱਤੀ ਜਾਵੇਗੀ। ਗੋਆ ਵਿੱਚ ਰਾਜਨੀਤੀ ਬਹੁਤ ਖਰਾਬ ਹੋ ਗਈ ਹੈ। ਲੋਕਾਂ ਨੇ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਵੋਟ ਦਿੱਤੀ ਸੀ ਅਤੇ ਸਰਕਾਰ ਭਾਜਪਾ ਦੀ ਬਣ ਗਈ । ਗੋਆ ਦੇ ਲੋਕ ਹੁਣ ਸਾਫ ਰਾਜਨੀਤੀ ਚਾਹੁੰਦੇ ਹਨ।”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੋਆ ਦਾ ਮੌਸਮ ਬਹੁਤ ਖੂਬਸੂਰਤ ਹੈ, ਪਰ ਇਥੋਂ ਦੀ ਰਾਜਨੀਤੀ ਬਹੁਤ ਖਰਾਬ ਅਤੇ ਭ੍ਰਿਸ਼ਟ ਹੈ । ਰਾਜ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਅਸੀਂ ਇਹ ਪਾਰਟੀ ਰਾਜਨੀਤੀ ਲਈ ਨਹੀਂ ਬਲਕਿ ਲੋਕਾਂ ਦੀ ਸੇਵਾ ਲਈ ਬਣਾਈ ਸੀ । ਆਮ ਆਦਮੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਚੋਣ ਲੜੇਗੀ।
ਜ਼ਿਕਰਯੋਗ ਹੈ ਕਿ ਗੋਆ ਦੀ ਯਾਤਰਾ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਗੋਆ ਬਦਲਾਅ ਚਾਹੁੰਦਾ ਹੈ । ਬਹੁਤ ਗੰਦੀ ਰਾਜਨੀਤੀ ਕੀਤੀ ਗਈ ਹੈ। ਪਰ ਹੁਣ ਗੋਆ ਵਿਕਾਸ ਚਾਹੁੰਦਾ ਹੈ। ਫੰਡਾਂ ਦੀ ਕੋਈ ਘਾਟ ਨਹੀਂ ਹੈ, ਸਿਰਫ ਇਮਾਨਦਾਰੀ ਦੀ ਨੀਅਤ ਦੀ ਘਾਟ ਹੈ। ਗੋਆ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ 11 ਜੁਲਾਈ ਨੂੰ ਉਤਰਾਖੰਡ ਪਹੁੰਚੇ ਸਨ। ਇੱਥੇ ਵੀ ਉਨ੍ਹਾਂ ਨੇ ਇਹੀ ਐਲਾਨ ਕੀਤਾ ਸੀ । ਦਰਅਸਲ, ਉਤਰਾਖੰਡ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਕਾਰਨ ਕੇਜਰੀਵਾਲ ਕਈ ਰਾਜਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੀ ਮੁਹਿੰਮ ਦਾ ਪ੍ਰਚਾਰ ਕਰ ਰਹੇ ਹਨ।