Kejriwal on hospital row: ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਅੱਜ ਯਾਨੀ ਬੁੱਧਵਾਰ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਕੱਲ੍ਹ ਯਾਨੀ ਮੰਗਲਵਾਰ ਨੂੰ ਮੇਰਾ ਕੋਰੋਨਾ ਵਾਇਰਸ ਦਾ ਟੈਸਟ ਹੋਇਆ ਅਤੇ ਰਿਪੋਰਟ ਨੈਗੇਟਿਵ ਆਈ ਹੈ । ਮੈਂ ਪਿਛਲੇ 2 ਦਿਨਾਂ ਤੋਂ ਕਮਰੇ ਵਿੱਚ ਬੰਦ ਸੀ । ਦਿੱਲੀ ਵਿੱਚ ਅੱਜ ਕੋਰੋਨਾ ਦੇ 31 ਹਜ਼ਾਰ ਮਾਮਲੇ ਹਨ, ਜਿਨ੍ਹਾਂ ਵਿਚੋਂ 12 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ । ਕੇਜਰੀਵਾਲ ਨੇ ਮੰਨਿਆ ਕਿ ਦਿੱਲੀ ਵਿੱਚ ਬਹੁਤ ਤੇਜ਼ੀ ਨਾਲ ਕੋਰੋਨਾ ਫੈਲਣ ਵਾਲਾ ਹੈ । ਕੇਜਰੀਵਾਲ ਨੇ ਕਿਹਾ ਕਿ 18 ਹਜ਼ਾਰ ਲੋਕਾਂ ਦਾ ਇਲਾਜ ਜਾਰੀ ਹੈ । ਇਨ੍ਹਾਂ ਵਿੱਚੋਂ 15 ਹਜ਼ਾਰ ਲੋਕ ਆਪਣੇ ਘਰਾਂ ਵਿੱਚ ਹਨ । ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਵਿੱਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ । 15 ਜੂਨ ਨੂੰ 44 ਹਜ਼ਾਰ ਮਾਮਲੇ ਹੋ ਜਾਣਗੇ । ਉਨ੍ਹਾਂ ਕਿਹਾ ਕਿ 31 ਜੁਲਾਈ ਤੱਕ ਸਾਨੂੰ 80 ਹਜ਼ਾਰ ਬੈੱਡਾਂ ਦੀ ਲੋੜ ਪਵੇਗੀ ।
ਕੋਰੋਨਾ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਇਸ ਲੜਾਈ ਨੂੰ ਹੁਣ ਜਨ ਅੰਦੋਲਨ ਬਣਾਉਣਾ ਹੋਵੇਗਾ । ਮਾਸਕ ਪਹਿਨਣਾ ਹੋਵੇਗਾ, ਹੱਥ ਧੋਣੇ ਹੋਣਗੇ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ । ਖੁਦ ਵੀ ਇਹ ਪਾਲਣ ਕਰਨਾ ਹੈ ਅਤੇ ਦੂਜਿਆਂ ਤੋਂ ਵੀ ਕਰਵਾਉਣਾ ਹੈ । ਸਾਡੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਦਿੱਲੀ ਵਿੱਚ ਸਿਰਫ਼ ਦਿੱਲੀ ਦੇ ਹੀ ਲੋਕਾਂ ਦਾ ਇਲਾਜ ਹੋਵੇਗਾ ਪਰ ਹੁਣ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ, ਇਸ ‘ਤੇ ਕੋਈ ਲੜਾਈ ਨਹੀਂ ਕੀਤੀ ਜਾਵੇਗੀ ।
ਕੇਜਰੀਵਾਲ ਨੇ ਕਿਹਾ ਕਿ ਜਿੰਨੇ ਬੈੱਡ ਸਾਨੂੰ ਦਿੱਲੀ ਵਾਲਿਆਂ ਲਈ ਚਾਹੀਦੇ ਹਨ, ਉਨ੍ਹੇ ਹੀ ਸਾਨੂੰ ਬਾਹਰ ਤੋਂ ਆਉਣ ਵਾਲਿਆਂ ਲਈ ਚਾਹੀਦੇ ਹਨ । ਯਾਨੀ ਜੇਕਰ ਦਿੱਲੀ ਵਿੱਚ 33 ਹਜ਼ਾਰ ਬੈੱਡਾਂ ਦੀ ਜ਼ਰੂਰਤ ਹੋਵੇਗੀ ਤਾਂ ਬਾਹਰੋਂ ਆਉਣ ਵਾਲਿਆਂ ਲਈ ਮਿਲਾ ਕੇ ਕੁੱਲ 65 ਹਜ਼ਾਰ ਬੈੱਡ ਦੀ ਜ਼ਰੂਰਤ ਹੋਵੇਗੀ । ਕੱਲ੍ਹ-ਪਰਸੋਂ ਤੋਂ ਮੈਂ ਸੜਕ ‘ਤੇ ਉਤਰਾਂਗਾ, ਸਟੇਡੀਅਮ-ਬੈਂਕਟ ਹਾਲ ਨੂੰ ਇਸ ਲਈ ਤਿਆਰ ਕਰਾਂਗੇ । ਉਨ੍ਹਾਂ ਕਿਹਾ ਕਿ ਮੈਂ ਗੁਆਂਢੀ ਸੂਬਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਆਪਣੇ ਇੱਥੇ ਸਹੂਲਤਾਂ ਵਧਾਉਣ । ਮੀਡੀਆ ਰੋਜ਼ ਸਾਨੂੰ ਕਮੀਆਂ ਦੱਸ ਰਿਹਾ ਹੈ ਅਤੇ ਐਪ ਵਿੱਚ ਵੀ ਕਮੀ ਦੱਸੀ ਗਈ ਪਰ ਅਸੀਂ ਲਗਾਤਾਰ ਇਨ੍ਹਾਂ ਨੂੰ ਦੂਰ ਕਰ ਰਹੇ ਹਾਂ । ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਵਿੱਚ ਇੱਕ ਹਫ਼ਤੇ ਵਿੱਚ 1900 ਲੋਕਾਂ ਨੂੰ ਹਸਪਤਾਲ ਵਿੱਚ ਬੈੱਡ ਮਿਲਿਆ, ਹਾਲੇ ਵੀ 4200 ਬੈੱਡ ਖਾਲੀ ਹਨ । ਕਰੀਬ 200 ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਵੀ ਆਈਆਂ ਹਨ ।
ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ, ਆਪਸ ਵਿੱਚ ਲੜਨ ਦਾ ਨਹੀਂ ਹੈ । ਜੇਕਰ ਅਸੀਂ ਲੜਦੇ ਰਹੇ ਤਾਂ ਕੋਰੋਨਾ ਜਿੱਤ ਜਾਵੇਗਾ, ਆਮ ਆਦਮੀ ਕੀ ਸੋਚ ਰਿਹਾ ਹੋਵੇਗਾ ਕਿ ਇਹ ਆਪਸ ਵਿੱਚ ਹੀ ਲੜ ਰਹੇ ਹਨ ਅਤੇ ਲੋਕਾਂ ਦੀ ਚਿੰਤਾ ਨਹੀਂ ਹੈ । ਦੱਸ ਦੇਈਏ ਕਿ ਦਿੱਲੀ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ ਅਤੇ ਕੁੱਲ ਮਾਮਲਿਆਂ ਦੀ ਗਿਣਤੀ 31 ਹਜ਼ਾਰ ਦੇ ਪਾਰ ਚੱਲੀ ਗਈ ਹੈ। ਦੂਜੇ ਪਾਸੇ ਹੁਣ ਦਿੱਲੀ ਵਿੱਚ ਬੈੱਡ ਅਤੇ ਹਸਪਤਾਲ ਵਿੱਚ ਵਿਵਸਥਾ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਹੈ ।