Kejriwal visits Singhu border: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਿੰਘੂ ਬਾਰਡਰ ‘ਤੇ ਆਯੋਜਿਤ ਕੀਰਤਨ ਦਰਬਾਰ ਵਿੱਚ ਹਿੱਸਾ ਲਿਆ । ਕੇਜਰੀਵਾਲ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ‘ਤੇ ਦਿੱਲੀ ਸਰਕਾਰ ਦੀ ਪੰਜਾਬ ਅਕੈਡਮੀ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਏ ਹੋਏ ਸਨ। ਸੀਐਮ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਲੜਾਈ ਹੁਣ ਆਰ-ਪਾਰ ਦੀ ਹੋ ਚੁੱਕੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ, “ਫਿਲਹਾਲ ਕੇਂਦਰ ਸਰਕਾਰ ਨੇ ਆਪਣੇ ਸਾਰੇ ਵੱਡੇ ਨੇਤਾ ਮੈਦਾਨ ਵਿੱਚ ਉਤਾਰ ਦਿੱਤੇ ਹਨ। ਉਨ੍ਹਾਂ ਦੇ ਸਾਰੇ ਮੰਤਰੀ ਅਤੇ ਮੁੱਖ ਮੰਤਰੀ ਮੈਦਾਨ ਵਿੱਚ ਆ ਕੇ ਭਾਸ਼ਣ ਦੇ ਰਹੇ ਹਨ ਕਿ ਕਿਸਾਨਾਂ ਨੂੰ ਇਸ ਕਾਨੂੰਨ ਦਾ ਲਾਭ ਹੋਇਆ ਹੈ । ਮੈਂ ਉਨ੍ਹਾਂ ਦੇ ਸਾਰੇ ਭਾਸ਼ਣ ਸੁਣੇ ਹਨ। ਅਜੇ ਤੱਕ ਮੈਨੂੰ ਉਨ੍ਹਾਂ ਵਿਚੋਂ ਇੱਕ ਵੀ ਨੇਤਾ ਨਹੀਂ ਮਿਲਿਆ, ਜੋ ਇਹ ਦੱਸ ਸਕੇ ਕਿ ਇਸ ਕਾਨੂੰਨ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ । ਗੂਗਲ ਅਤੇ ਯੂ-ਟਿਊਬ ‘ਤੇ ਜਾ ਕੇ ਤੁਹਾਨੂੰ ਵੀ ਸੁਣਨਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਸਾਰੇ ਵੱਡੇ ਨੇਤਾ ਆਉਂਦੇ ਹਨ, ਉਹ ਸਾਰੇ ਕਹਿੰਦੇ ਹਨ ਕਿ ਕਿਸਾਨਾਂ ਦੀ ਜ਼ਮੀਨ ਨਹੀਂ ਜਾਵੇਗੀ। ਇਹ ਕੋਈ ਫਾਇਦਾ ਹੋਇਆ? ਅੱਜ ਵੀ ਇਹ ਜ਼ਮੀਨ ਕਿਸਾਨਾਂ ਦੇ ਕੋਲ ਹੈ।”
ਉਨ੍ਹਾਂ ਅੱਗੇ ਕਿਹਾ ਕਿ ਅੱਜ ਪੂਰਾ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਉਹ ਲੋਕ ਹਨ ਜੋ ਕਰੋੜਾਂ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਕੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ ਅਤੇ ਦੂਸਰੇ ਉਹ ਜਿਹੜੇ ਕਰੋੜਾਂ ਕਿਸਾਨਾਂ ਦੇ ਨਾਲ ਖੜ੍ਹੇ ਹਨ । ਮੈਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਤਿੰਨਾਂ ਬਿੱਲਾਂ ‘ਤੇ ਖੁੱਲੀ ਬਹਿਸ ਕਰਵਾਵੇ, ਤਾਂ ਜੋ ਬਿੱਲ ਦੀ ਸੱਚਾਈ ਸਾਰੇ ਦੇਸ਼ ਦੇ ਸਾਹਮਣੇ ਆਵੇ ।
ਕੇਜਰੀਵਾਲ ਨੇ ਕਿਹਾ ਕਿ ਇਸ ਪਲੇਟਫਾਰਮ ਦੇ ਜ਼ਰੀਏ ਇੰਨੇ ਪਵਿੱਤਰ ਸਥਾਨ ਤੋਂ ਪਵਿੱਤਰ ਮੌਕੇ ‘ਤੇ ਅੱਜ ਮੈਂ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਹੀ ਲੋਕ, ਭਰਾ, ਭੈਣਾਂ ਅਤੇ ਬਜ਼ੁਰਗ ਹਨ। ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦਿਆਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ । ਹੁਣ ਇਨ੍ਹਾਂ ਲੋਕਾਂ ਦੇ ਸੰਘਰਸ਼ ਨੂੰ ਇੱਥੇ ਹੀ ਖਤਮ ਕਰੋ। ਤੁਸੀਂ ਹੋਰ ਕਿੰਨੀ ਸ਼ਹਾਦਤ ਲੈਣਾ ਚਾਹੁੰਦੇ ਹੋ?