Kerala Man Declines BJP Seat : ਕੇਰਲਾ ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਲਈ ਹੈ। ਸਥਾਨਕ ਆਗੂ ਟਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਭਾਜਪਾ ਨੇ ਵਯਨਾਡ ਜ਼ਿਲੇ ਦੇ ਮਨੰਤਵਾੜੀ ਤੋਂ 31 ਸਾਲਾ ਐਮ.ਬੀ.ਏ ਕਰ ਚੁੱਕੇ ਇੱਕ ਨੌਜਵਾਨ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ , ਪਰ ਨੌਜਵਾਨ ਨੇ ਚੋਣ ਲੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਛੱਡ ਰਿਹਾ ਹੈ। ਨੌਜਵਾਨ ਦਾ ਨਾਮ ਮਨੀਕੁੱਟਨ ਹੈ ਅਤੇ ਉਹ ਪਾਨੀਆ ਕਬੀਲੇ ਨਾਲ ਸਬੰਧ ਰੱਖਦਾ ਹੈ। ਭਾਜਪਾ ਨੇ ਐਤਵਾਰ ਨੂੰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਮਨੀਕੁੱਟਨ ਦਾ ਨਾਮ ਵੀ ਸੀ। ਮਨੰਤਵਾੜੀ ਸੀਟ ST ਕਲਾਸ ਲਈ ਰਾਖਵੀਂ ਹੈ। ਮਨੀਕੁੱਟਨ ਨੇ ਕਿਹਾ ਕਿ ਉਹ ਪਾਰਟੀ ਦੀ ਪੇਸ਼ਕਸ਼ ਨੂੰ ਆਦਰ ਨਾਲ ਨਕਾਰਦੇ ਹਨ ਅਤੇ ਹੁਣ ਉਹ ਰਾਜਨੀਤੀ ਦਾ ਹਿੱਸਾ ਨਹੀਂ ਹੋਣਗੇ।
ਉਨ੍ਹਾਂ ਕਿਹਾ, “ਕੇਂਦਰੀ ਲੀਡਰਸ਼ਿਪ ਨੇ ਮੈਨੂੰ ਉਮੀਦਵਾਰ ਐਲਾਨਿਆ ਹੈ। ਮੈਂ ਅਸਲ ਵਿੱਚ ਇੱਕ ਆਮ ਨਾਗਰਿਕ ਹਾਂ, ਮੈਂ ਚੋਣ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਕੰਮ ਕਰਨਾ ਚਾਹੁੰਦਾ ਹਾਂ ਅਤੇ ਇੱਕ ਪਰਿਵਾਰ ਚਾਹੁੰਦਾ ਹਾਂ, ਇਸ ਲਈ ਮੈਂ ਖੁਸ਼ੀ ਨਾਲ ਪਾਰਟੀ ਦੀ ਪੇਸ਼ਕਸ਼ ਤੋਂ ਇਨਕਾਰ ਕਰਦਾ ਹਾਂ।” ਮਨੀਕੁੱਟਨ ਨੇ ਕਿਹਾ, “ਜਦੋਂ ਮੈਂ ਟੀਵੀ ‘ਤੇ ਆਪਣਾ ਨਾਮ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਅਤੇ ਘਬਰਾ ਗਿਆ। ਮੈਂ ਬਹੁਤ ਖੁਸ਼ ਹਾਂ ਕਿ ਭਾਜਪਾ ਨੇ ਪਾਨੀਆ ਕਮਿਉਨਿਟੀ ਤੋਂ ਉਮੀਦਵਾਰ ਚੁਣਿਆ ਹੈ, ਪਰ ਮੈਂ ਉਨ੍ਹਾਂ ਨੂੰ ਫੋਨ ਤੇ ਕਿਹਾ ਕਿ ਮੈਂ ਭਾਜਪਾ ਦਾ ਉਮੀਦਵਾਰ ਨਹੀਂ ਬਣਨਾ ਚਾਹਾਂਗਾ।”