Kisan mahapanchayat west up purvanchal : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪੂਰੇ ਉੱਤਰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਦਾ ਸੇਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੜ੍ਹ ਪੂਰਵਾਂਚਲ ਤੱਕ ਪਹੁੰਚ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਵੀਰਵਾਰ ਨੂੰ ਪੂਰਵਾਂਚਲ ਦੇ ਬਸਤੀ ਜ਼ਿਲੇ ਦੇ ਮੁੰਦਰਵਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਿਤ ਕਰਨਗੇ। ਪੱਛਮੀ ਉੱਤਰ ਪ੍ਰਦੇਸ਼ ਤੋਂ ਬਾਅਦ ਪੂਰਵਾਂਚਲ ਵਿੱਚ ਸ਼ੁਰੂ ਕੀਤੀ ਜਾ ਰਹੀ ਕਿਸਾਨ ਪੰਚਾਇਤ ਭਾਜਪਾ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ, ਪੂਰਬੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਉੱਥੇ ਪਹੁੰਚਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਇਸੇ ਲਈ ਅਸੀਂ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਿਸਾਨ ਪੰਚਾਇਤ ਕਰ ਰਹੇ ਹਾਂ ਅਤੇ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਜਾਣੂੰ ਕਰਵਾ ਰਹੇ ਹਾਂ।
ਨਰੇਸ਼ ਟਿਕੈਤ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਕਾਰਨ ਛੋਟੇ ਕਿਸਾਨ ਵਧੇਰੇ ਦੁੱਖ ਝੱਲਣਗੇ। ਨਰੇਸ਼ ਟਿਕੈਤ ਨੇ ਕਿਹਾ, ਅਸੀਂ ਛੋਟੇ ਕਿਸਾਨਾਂ ਨੂੰ ਬਚਾਉਣਾ ਹੈ, ਵੱਡੇ ਕਿਸਾਨ ਤਾਂ ਫਿਰ ਵੀ ਬਚ ਜਾਣਗੇ। ਨਰੇਸ਼ ਟਿਕੈਤ ਨੇ ਕਿਹਾ ਕਿ ਖੇਤੀਬਾੜੀ ਕਨੂੰਨ ਦੇ ਵਿਰੁੱਧ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਵਿੱਚ ਕਿੰਨਾ ਰੋਸ ਅਤੇ ਗੁੱਸਾ ਹੈ। ਪੰਚਾਇਤਾਂ ਅਤੇ ਮਹਾਂ ਪੰਚਾਇਤਾਂ ਹੋ ਰਹੀਆਂ ਹਨ। ਜੋ ਕਿ ਇੰਨੇ ਵੱਡੇ ਪੱਧਰ ‘ਤੇ ਕਦੇ ਨਹੀਂ ਹੋਈਆਂ ਸੀ, ਪਰ ਸਰਕਾਰ ਅਜੇ ਵੀ ਅੜੀ ਹੋਈ ਹੈ। ਅਜਿਹੀ ਸਥਿਤੀ ਵਿੱਚ ਅਸੀਂ ਕਿਸਾਨਾਂ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਾਂ। ਟਿਕੈਤ ਨੇ ਕਿਹਾ ਕਿ ਪੂਰਵਾਂਚਲ ਜ਼ਿਲ੍ਹਿਆਂ ਵਿੱਚ ਇਹ ਪੰਚਾਇਤਾਂ ਉਨ੍ਹਾਂ ਕਿਸਾਨਾਂ ਨੂੰ ਜੋੜਨਗੀਆਂ ਜੋ ਦਿੱਲੀ ਦੀਆਂ ਹੱਦਾਂ ਤੱਕ ਨਹੀਂ ਪਹੁੰਚ ਸਕਦੇ। ਅਸੀਂ ਕਿਸਾਨਾਂ ਨੂੰ ਇਸ ਕਾਨੂੰਨ ਦੀਆਂ ਖਾਮੀਆਂ ਨੂੰ ਦੱਸਣ ਲਈ ਕੰਮ ਕਰ ਰਹੇ ਹਾਂ।